ਫ਼ਾਜ਼ਿਲਕਾ: ਅਬੋਹਰ ਉਪ ਮੰਡਲ ਅਧੀਨ ਪੈਂਦੀ ਚਿਰਾਗ ਦੀ ਢਾਣੀ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੇ ਰੂਪ ਵਿੱਚ ਪਿੰਡ ਅੰਦਰ ਛਾਪਾਮਾਰੀ ਕੀਤੀ। ਇਸ ਦੌਰਾਨ ਗੱਡੀਆਂ ਦਾ ਇੱਕ ਵੱਡਾ ਕਾਫ਼ਲਾ ਛਾਪੇਮਾਰੀ ਵਿੱਚ ਸੀ, ਪਰ ਪਿੰਡ ਵਾਲਿਆਂ ਦੇ ਵਿਰੋਧ ਕਾਰਨ ਪੁਲਿਸ ਨੂੰ ਬਿਨਾਂ ਕੁੱਝ ਪ੍ਰਾਪਤ ਹੋਏ ਪਿੰਡ ਵਿੱਚੋਂ ਪਰਤਣਾ ਪਿਆ। ਪਿੰਡ ਵਾਲਿਆਂ ਵੱਲੋਂ ਡੀਐਸਪੀ ਕ੍ਰਾਈਮ ਦੀ ਗੱਡੀ 'ਤੇ ਹਮਲਾ ਕਰਕੇ ਭੰਨਤੋੜ ਕਰਨ ਦਾ ਮਾਮਲਾ ਦਰਜ ਕੀਤਾ ਗਿਆ।
ਥਾਣਾ ਅਬੋਹਰ ਦੇ ਐਸਐਚਓ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਪੁਲਿਸ ਫ਼ੋਰਸ ਅਤੇ ਐਕਸਾਈਜ਼ ਵਿਭਾਗ ਨਾਲ ਸਾਂਝੇ ਰੂਪ ਵਿੱਚ ਚਿਰਾਗ ਦੀ ਢਾਣੀ ਛਾਪਾ ਮਾਰਨ ਗਏ ਸਨ, ਕਿਉਂਕਿ ਉਥੇ ਸ਼ਰਾਬ ਦੀ ਵਧੇਰੇ ਤਸਕਰੀ ਹੁੰਦੀ ਹੈ ਪਰ ਲੋਕਾਂ ਦੇ ਵਿਰੋਧ ਕਾਰਨ ਉਹ ਪਰਤ ਆਏ। ਉਨ੍ਹਾਂ ਕਿਹਾ ਕਿ ਜਦੋਂ ਉਹ ਪਿੰਡ ਵਿੱਚ ਪੁੱਜੇ ਤਾਂ ਉਨ੍ਹਾਂ ਉਪਰ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਪੁਲਿਸ ਦੀ ਗੱਡੀ ਦੀ ਭੰਨਤੋੜ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੇ ਵਿਰੁਧ ਇੱਕ ਦਰਜਨ ਅਣਪਛਾਤੇ ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਛੇਤੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇਗੀ।
ਦੂਜੇ ਪਾਸੇ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਜੇਕਰ ਪੁਲਿਸ ਨੇ ਪਿੰਡ ਵਿੱਚ ਇੰਨੀ ਵੱਡੀ ਰੇਡ ਕਰਨੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਦੇ ਕੇ ਨਾਲ ਲੈ ਜਾਂਦੇ। ਪਿੰਡ ਵਿੱਚ ਇੰਨੀ ਵੱਡੀ ਰੇਡ ਨਾਲ ਡਰ ਦਾ ਮਾਹੌਲ ਪੈਦਾ ਹੋ ਗਿਆ, ਜਦਕਿ ਸਵੇਰੇ ਹਰ ਵਿਅਕਤੀ ਆਪਣੇ ਘਰ ਵਿੱਚ ਆਪਣੀ ਜ਼ਿੰਦਗੀ ਵਿੱਚ ਹੁੰਦਾ ਹੈ ਅਤੇ ਕੋਈ ਪਾਠ-ਪੂਜਾ ਕਰ ਰਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਪਿੰਡ ਦੇ ਕਿਸੇ ਮੋਹਤਬਰ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਸੀ।