ਫਾਜ਼ਿਲਕਾ: ਕੋਰੋਨਾ ਮਹਾਂਮਾਰੀ ਕਾਰਨ ਲੰਬੇ ਸਮੇਂ ਤੋਂ ਬੰਦ ਪਏ ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਦੋ ਅਗਸਤ ਤੋਂ ਖੋਲ੍ਹਣ ਦਾ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਵਿਦਿਆਰਥੀਆਂ ਅਤੇ ਅਧਿਆਪਕਾਂ 'ਚ ਖੁਸ਼ੀ ਦੀ ਲਹਿਰ ਵੀ ਜਾਗੀ ਹੈ, ਕਿਉਂਕਿ ਲੰਬੇ ਸਮੇਂ ਤੋਂ ਆਨਲਾਈਨ ਪੜ੍ਹਾਈ ਤੋਂ ਬੱਚੇ ਸਕੂਲ ਜਾਣਾ ਪਸੰਦ ਕਰਦੇ ਸੀ। ਦੂਸਰੇ ਪਾਸੇ ਇਸ ਦੇ ਉਲਟ ਨਤੀਜੇ ਵੀ ਦੇਖਣ ਨੂੰ ਮਿਲੇ ਹਨ।
ਜ਼ਿਲ੍ਹਾ ਫ਼ਾਜ਼ਿਲਕਾ ਦੀ ਸਬ ਡਿਵੀਜ਼ਨ ਅਬੋਹਰ ਦੇ ਅਧੀਨ ਪੈਂਦੇ ਸਕੂਲ ਦੇ ਇੱਕ ਅਧਿਆਪਕ ਵੱਲੋਂ ਵਿਦਿਆਰਥੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਵੱਲੋਂ ਕੀਤੀ ਗਈ ਕੁੱਟਮਾਰ ਨਾਲ ਵਿਦਿਆਰਥੀ ਬੇਹੋਸ਼ ਹੋ ਗਿਆ, ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਨੂੰ ਲੈ ਕੇ ਪੀੜ੍ਹਤ ਦੇ ਪਰਿਵਾਰ ਵਲੋਂ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਪੀੜ੍ਹਤ ਬੱਚੇ ਦਾ ਕਹਿਣਾ ਕਿ ਉਸ ਨਾਲ ਅਧਿਆਪਕ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੁੱਟਮਾਰ ਕਾਰਨ ਉਹ ਘਰ ਜਾਂਦੇ ਸਮੇਂ ਬੇਹੋਸ਼ ਹੋ ਗਿਆ। ਇਸ ਸਬੰਧੀ ਪੀੜ੍ਹਤ ਦੇ ਭਰਾ ਦਾ ਕਹਿਣਾ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਕੂਲ ਪ੍ਰਿੰਸੀਪਲ ਵਲੋਂ ਸਮਝੌਤਾ ਕਰਨ ਲਈ ਦਬਾਅ ਵੀ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਪਿੰਡ ਦੇ ਪੰਚਾਇਤ ਮੈਂਬਰਾਂ ਦਾ ਕਹਿਣਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਦੇ ਵੀ ਅਜਿਹਾ ਮਾਮਲਾ ਨਹੀਂ ਆਇਆ। ਪੰਚਾਇਤ ਮੈਂਬਰਾਂ ਦਾ ਕਹਿਣ ਕਿ ਮਾਮਲੇ 'ਚ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਸ ਨੂੰ ਅਮਲ 'ਚ ਲਿਆਂਂਦਾ ਜਾਵੇਗਾ।