ਫਿਰੋਜ਼ਪੁਰ: ਪਦਾਰਥਵਾਦੀ ਯੁੱਗ ਵਿੱਚ ਇਨਸਾਨੀ ਜੀਵਨ ਦੀਆਂ ਕਦਰਾਂ ਕੀਮਤਾਂ ਇਸ ਕਦਰ ਘਟ ਗਈਆਂ ਹਨ ਕੀ ਜਾਨਵਰ ਵੀ ਉਸਤੋਂ ਮਹਿੰਗੇ ਹੋ ਗਏ ਹਨ ਤਾਜ਼ਾ ਮਾਮਲਾ ਹੈ ਜ਼ੀਰਾ ਦੇ ਪਿੰਡ ਮਨਸੂਰਵਾਲ ਦਾ ਜਿੱਥੇ ਇਕ ਕੁੱਤੇ ਦੇ ਬੱਚੇ ਪਿੱਛੇ ਦੋ ਗੁਆਂਢੀਆਂ ਦਾ ਆਪਸੀ ਝਗੜਾ ਇਸ ਕਦਰ ਵਧਿਆ ਕਿ ਇਕ ਗੁਆਂਢੀ ਦੁਆਰਾ ਦੂਸਰੇ ਗੁਆਂਢੀ ਦਾ ਕਤਲ ਕਰ ਦਿੱਤਾ।
ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਮਨਸੂਰਵਾਲ ਦੇ ਰਹਿਣ ਵਾਲੇ ਜਸਵੀਰ ਸਿੰਘ ਪੁੱਤਰ ਗੁਰਦਿਆਲ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਦੇ ਭਤੀਜੇ ਮਨਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਸ ਦੇ ਚਾਚੇ ਦੇ ਲੜਕੇ ਦੇ ਘਰ ਦੇ ਬਾਹਰ ਇਕ ਕੁੱਤੀ ਨੇ ਕੁਝ ਬੱਚੇ ਦਿੱਤੇ ਜਿਨ੍ਹਾਂ ਵਿੱਚੋਂ ਉਨ੍ਹਾਂ ਨੇ ਇਕ ਬੱਚਾ ਘਰ ਰੱਖਿਆ ਸੀ।
ਜਿਸ ਨੂੰ ਸਾਹਮਣੇ ਘਰ ਵਿੱਚ ਰਹਿਣ ਵਾਲੇ ਵਿਅਕਤੀਆਂ ਵਲੋਂ ਚੁੱਕ ਲਿਆ ਗਿਆ ਜਦ ਉਨ੍ਹਾਂ ਨੂੰ ਕਤੂਰਾ ਵਾਪਸ ਕਰਨ ਵਾਸਤੇ ਕਿਹਾ ਤੇ ਪਹਿਲਾਂ ਤਾਂ ਉਨ੍ਹਾਂ ਵੱਲੋਂ ਕਤੂਰਾ ਵਾਪਸ ਨਹੀਂ ਕੀਤਾ ਗਿਆ ਪਰ ਆਂਢ ਗੁਆਂਢ ਦੇ ਕਹਿਣ ਨਾਲ ਉਨ੍ਹਾਂ ਵੱਲੋਂ ਕਤੂਰਾ ਵਾਪਸ ਕਰ ਦਿੱਤਾ। ਜਦ ਘਰ ਮਾਲਕ ਬੱਬੂ ਘਰ ਆਇਆ ਤਾਂ ਉਸ ਵੱਲੋਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਇਸ ਬਾਬਤ ਪਿੰਡ ਦੇ ਸਰਪੰਚ ਸਰਦਾਰ ਗੁਰਮੇਲ ਸਿੰਘ ਤੇ ਹੋਰ ਮੈਂਬਰਾਂ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੇ ਆ ਕੇ ਦੋਵਾਂ ਘਰਾਂ ਨੂੰ ਸ਼ਾਂਤ ਕਰਵਾ ਕੇ ਘਰੋ ਘਰੀ ਭੇਜ ਦਿੱਤਾ ਕੁਝ ਦੇਰ ਬਾਅਦ ਜਦ ਜਸਵੀਰ ਸਿੰਘ ਆਪਣੇ ਦੂਸਰੇ ਘਰ ਵਿੱਚ ਜਾ ਰਿਹਾ ਸੀ ਜਿਥੇ ਉਹ ਰਹਿੰਦਾ ਸੀ ਦੇ ਰਸਤੇ ਵਿਚ ਬੱਬੂ ਜੋ ਆਪਣੇ ਨਾਲ ਪੈਂਤੀ ਤੋਂ ਚਾਲੀ ਬੰਦੇ ਲੈ ਕੇ ਰਸਤੇ ਵਿੱਚ ਜਸਵੀਰ ਸਿੰਘ ਦਾ ਰਸਤਾ ਦੇਖ ਰਿਹਾ ਸੀ ਤੇ ਸੇਧ ਲਗਾ ਕੇ ਬੈਠਾ ਸੀ।
ਜਦ ਜਸਵੀਰ ਸਿੰਘ ਉੱਥੇ ਪਹੁੰਚਿਆ ਤਾਂ ਉਨ੍ਹਾਂ ਵੱਲੋਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇੱਥੇ ਮਨਪ੍ਰੀਤ ਵੱਲੋਂ ਦੱਸਿਆ ਗਿਆ ਕਿ ਉਸ ਦਾ ਚਾਚਾ ਜੋ ਹੈਂਡੀਕੈਪ ਸੀ ਸੋਟੀ ਨਾਲ ਤੁਰਦਾ ਸੀ। ਜਦ ਉਹ ਤੇ ਉਸਦਾ ਭਰਾ ਚਾਚੇ ਨੂੰ ਛੁਡਵਾਉਣ ਵਾਸਤੇ ਗਏ ਤਾਂ ਉਨ੍ਹਾਂ ਵੱਲੋਂ ਉਨ੍ਹਾਂ ਉੱਪਰ ਵੀ ਡਾਂਗਾਂ ਨਾਲ ਵਾਰ ਕੀਤੇ 'ਤੇ ਸੱਟਾਂ ਮਾਰੀਆਂ।
ਇਸ ਮੌਕੇ ਮਨਪ੍ਰੀਤ ਨੇ ਦੱਸਿਆ ਕਿ ਉਹ ਜਦ ਆਪਣੇ ਚਾਚੇ ਨੂੰ ਕਾਰ ਵਿਚ ਲੈ ਕੇ ਹਸਪਤਾਲ ਜਾਣ ਵਾਸਤੇ ਤਿਆਰ ਹੋਏ ਤਾਂ ਬੱਬੂ ਹੋਰਾਂ ਵੱਲੋਂ ਕਾਰ ਦੇ ਅੱਗੇ ਮੋਟਰਸਾਈਕਲ ਲਗਾ ਕੇ ਰਸਤਾ ਰੋਕਿਆ ਗਿਆ ਜਿਸ ਦੌਰਾਨ ਜਸਬੀਰ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਇਸ ਬਾਬਤ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ ਤੇ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਭ ਦੀ ਜਾਣਕਾਰੀ ਜਦ ਸਰਪੰਚ ਗੁਰਮੇਲ ਸਿੰਘ ਕੋਲੋਂ ਲੈਣੀ ਚਾਹੀ ਤਾਂ ਉਨ੍ਹਾਂ ਦੱਸਿਆ ਕਿ ਰਾਤ ਦੇ ਸਮੇਂ ਜਦ ਜਸਵੀਰ ਸਿੰਘ ਦੇ ਲੜਕੇ ਵੱਲੋਂ ਫੋਨ ਆਇਆ ਕਿ ਬੱਬੂ ਤੇ ਉਸ ਦੇ ਸਾਥੀ ਸਾਡੇ ਨਾਲ ਲੜ ਰਹੇ ਹਨ ਤੇ ਸਰਪੰਚ ਵੱਲੋਂ ਦੱਸਿਆ ਗਿਆ ਕਿ ਮੌਕੇ ਤੇ ਜਾ ਕੇ ਇਨ੍ਹਾਂ ਨੂੰ ਸ਼ਾਂਤ ਕਰਵਾਇਆ ਅਤੇ ਘਰੋ ਘਰੀ ਭੇਜਿਆ ਗਿਆ ਤੇ ਕੁਝ ਦੇਰ ਬਾਅਦ ਹੀ ਉਸ ਨੂੰ ਫੋਨ ਆਇਆ ਕਿ ਜਸਵੀਰ ਸਿੰਘ ਦੀ ਕੁੱਟਮਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਉਨ੍ਹਾਂ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਫੜਿਆ ਜਾਵੇ।
ਇਸ ਸਭ ਦੀ ਜਾਣਕਾਰੀ ਲੈਣ ਵਾਸਤੇ ਜਦ ਡੀ ਐੱਸ ਪੀ ਸੰਦੀਪ ਸਿੰਘ ਮੰਡ ਕੋਲ ਪਹੁੰਚੇ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਸਰਕਾਰੀ ਹਸਪਤਾਲ ਵਿਚੋਂ ਇਕ ਸੂਚਨਾ ਪ੍ਰਾਪਤ ਹੋਈ ਸੀ ਕਿ ਇਕ ਡੈੱਡ ਬੌਡੀ ਪਿੰਡ ਮਨਸੂਰਵਾਲ ਤੋਂ ਆਈ ਹੈ ਜਿਸ ਦੀ ਜਦ ਜਾਂਚ ਕਰਨ ਪਹੁੰਚੇ ਤਾਂ ਪਤਾ ਲੱਗਾ ਕਿ ਕੁੱਤੇ ਦੇ ਬੱਚੇ ਤੋਂ ਝਗੜਾ ਸ਼ੁਰੂ ਹੋ ਕੇ ਇਕ ਵਿਅਕਤੀ ਦੇ ਕਤਲ ਤੱਕ ਦਾ ਮਾਮਲਾ ਪਹੁੰਚਿਆ ਹੈ ਤੇ ਦੂਸਰੀ ਧਿਰ ਵਿਚੋਂ ਵੀ ਇਕ ਵਿਅਕਤੀ ਲੁਧਿਆਣਾ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹੈ ਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕਰ ਦਿੱਤੀ ਜਾਵੇਗੀ ਇਸ ਮੌਕੇ ਉਨ੍ਹਾਂ ਜਸਵੀਰ ਸਿੰਘ ਦੀ ਉਮਰ ਪੰਜਾਹ ਸਾਲ ਦੇ ਕਰੀਬ ਦੱਸੀ।
ਇਹ ਵੀ ਪੜ੍ਹੋ: ਸਭ ਕੁਝ ਵਧ ਰਿਹਾ ਬਸ ਆਮਦਨ ਹੀ ਨਹੀਂ ਵਧ ਰਹੀ