ਫਾਜ਼ਿਲਕਾ: ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ ਨੂੰ ਜਿੱਥੇ ਗਰਮੀਆਂ ਵਿੱਚ ਨਹਿਰੀ ਪਾਣੀ ਦੀ ਕਿੱਲਤ ਹੋਣ ਕਾਰਨ ਨਰਮੇ ਦੀ ਫ਼ਸਲ ਦੀ ਬਿਜਾਈ ਕਰਨੀ ਪੈਂਦੀ ਹੈ, ਉੱਥੇ ਹੀ ਹੁਣ ਇਸ ਫਸਲ 'ਤੇ ਵੀ ਕੁਦਰਤੀ ਮਾਰ ਪੈ ਗਈ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੀ ਨਰਮੇ ਦੀ ਫਸਲ ਵਿੱਚ ਪਾਣੀ ਖੜ ਗਿਆ ਅਤੇ ਫ਼ਸਲ ਨੂੰ ਖ਼ਰਾਬ ਹੁੰਦਾ ਦੇਖ ਕਿਸਾਨ ਨੇ ਟਰੈਕਟਰ ਨਾਲ ਵਾਹ ਦਿੱਤਾ।
ਫਾਜ਼ਿਲਕਾ ਦੇ ਪਿੰਡ ਧਰਾਂਗਵਾਲਾ ਵਿੱਚ ਇੱਕ ਕਿਸਾਨ ਨੇ ਠੇਕੇ ਉੱਤੇ ਲਈ ਹੋਈ ਆਪਣੀ 5 ਕਿੱਲੇ ਜ਼ਮੀਨ ਵਿੱਚ ਪਲੀ ਪਲਾਈ ਨਰਮੇ ਦੀ ਫਸਲ ਉੱਤੇ ਟਰੈਕਟਰ ਚਲਾ ਦਿੱਤਾ ਹੈ, ਜਿਸਦੇ ਚੱਲਦੇ ਉਸ ਨੂੰ ਕਾਫ਼ੀ ਆਰਿਥਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਹੀ ਹਾਲਾਤ ਅਬੋਹਰ ਦੀ ਨਰਮਾ ਪੱਟੀ ਵਿੱਚ ਕਰੀਬ 500 ਏਕੜ ਫਸਲਾਂ ਉੱਤੇ ਬਣੇ ਹੋਏ ਹਨ। ਇਨ੍ਹਾਂ ਜ਼ਿਮੀਦਾਰਾਂ ਨੂੰ ਅੱਜ ਨਹੀਂ ਤਾਂ ਕੱਲ ਆਪਣੀ ਫਸਲ ਇੰਝ ਹੀ ਟਰੈਕਟਰ ਚਲਾ ਕੇ ਨਸ਼ਟ ਕਰਨੀ ਪਏਗੀ, ਜਿਸ ਨਾਲ ਕਿਸਾਨਾਂ ਨੂੰ ਹੋਰ ਵੀ ਆਰਿਥਕ ਮੰਦੀ ਦਾ ਸਾਹਮਣਾ ਕਰਨਾ ਪਵੇਗਾ।
ਪਿੰਡ ਧਰਾਂਗਵਾਲਾ ਦੇ ਕਿਸਾਨ ਪਾਲਾ ਰਾਮ ਨੇ ਦੱਸਿਆ ਕਿ ਉਸਨੇ 43 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ 5 ਏਕੜ ਜ਼ਮੀਨ ਠੇਕੇ ਉੱਤੇ ਲਈ ਸੀ, ਜਿਸ ਵਿੱਚ ਕਈ ਦਿਨਾਂ ਪੈ ਰਹੇ ਮੀਂਹ ਨਾਲ ਖੇਤਾਂ ਵਿੱਚ ਪਾਣੀ ਹੀ ਪਾਣੀ ਹੋ ਗਿਆ, ਜਿਸਦੇ ਚੱਲਦੇ ਉਸਦੀ ਨਰਮੇ ਦੀ ਫਸਲ ਖ਼ਰਾਬ ਹੋ ਗਈ ਅਤੇ ਮਜਬੂਰੀ ਵਸ ਇਸ ਕਿਸਾਨ ਨੇ ਰੋਟਾਵੇਟਰ ਚਲਾਕੇ ਫਸਲ ਨੂੰ ਨਸ਼ਟ ਕਰ ਦਿੱਤਾ। ਇਸ ਦੇ ਨਾਲ ਹੀ ਕਿਸਾਨ ਨੇ ਕਿਹਾ ਕਿ ਜੇਕਰ ਉਸ ਨੂੰ ਝੋਨੇ ਦੀ ਪਨੀਰੀ ਮਿਲ ਗਈ ਤਾਂ ਉਹ ਇਸ ਵਿੱਚ ਝੋਨੇ ਦੀ ਫਸਲ ਬੀਜੇਗਾ, ਜੇਕਰ ਨਹੀਂ ਤਾਂ ਜ਼ਮੀਨ ਇਸ ਵਾਰ ਖਾਲੀ ਰਹਿ ਜਾਵੇਗੀ। ਕਿਸਾਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਖ਼ਰਾਬ ਹੋਈ ਫਸਲ ਦਾ ਮੁਆਇਨਾ ਕਰ ਉਸ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜੋ: 'ਰਾਜਸੀ ਦਖ਼ਲ ਕਰਕੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਲੱਗੀ ਢਾਹ'
ਉੱਥੇ ਹੀ ਧਰਾਂਗਵਾਲਾ ਦੇ ਕਿਸਾਨ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਸਦੀ 15 ਏਕੜ ਨਰਮੇ ਦੀ ਫਸਲ ਵਿੱਚ ਮੀਂਹ ਦਾ ਪਾਣੀ ਭਰਿਆ ਹੋਇਆ ਹੈ, ਜਿਸਦੇ ਨਾਲ ਉਸਦੀ ਸਾਰੀ ਫਸਲ ਨਸ਼ਟ ਹੋ ਗਈ ਹੈ। ਇਹ ਜ਼ਮੀਨ ਉਸਨੇ 43 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ਉੱਤੇ ਲਈ ਹੋਈ ਹੈ, ਜਿਸਦੇ ਨਾਲ ਉਸ ਨੂੰ ਕਾਫ਼ੀ ਆਰਿਥਕ ਨੁਕਸਾਨ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਫਸਲਾਂ ਦੀ ਗਿਰਦਾਵਰੀ ਕਰਵਾਕੇ ਉਚਿਤ ਮੁਆਵਜ਼ਾ ਦਿੱਤਾ ਜਾਵੇ ।