ਅਬੋਹਰ: ਸ਼ਹਿਰ ਵਿੱਚ ਜੰਮੂ ਬਸਤੀ ਵਿਖੇ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਬੀਤੇ ਕੱਲ੍ਹ ਹੋਈ ਬਰਸਾਤ ਦੇ ਚਲਦਿਆਂ ਜੰਮੂ ਬਸਤੀ ਵਿੱਚ ਬੂਟ ਪਾਲਿਸ਼ ਕਰਨ ਵਾਲੇ ਰਿੰਕੂ ਕੁਮਾਰ ਦੇ ਘਰ ਦੀ ਛੱਤ ਡਿੱਗ ਗਈ।
ਰਿੰਕੂ ਦਾ ਸਾਰਾ ਪਰਿਵਾਰ ਇਸ ਕਮਰੇ ਵਿੱਚ ਸੋ ਰਿਹਾ ਸੀ ਜਿਸ ਵਿੱਚ ਉਸ ਦੀ ਪਤਨੀ ਚਮੇਲੀ, ਪੁੱਤਰ ਸਾਹਿਲ, 12 ਸਾਲ ਦੀ ਧੀ ਨਿਸ਼ਾ ਅਤੇ 10 ਸਾਲ ਦਾ ਪੁੱਤਰ ਅਮਨ ਸੋ ਰਹੇ ਸਨ ਜੋ ਛੱਤ ਡਿੱਗਣ ਨਾਲ ਮਲਬੇ ਦੇ ਹੇਠਾਂ ਦਬ ਗਏ। ਇਸ ਹਾਦਸੇ ਵਿੱਚ ਵਿੱਚ ਨਿਸ਼ਾ ਅਤੇ ਅਮਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਰਿਸ਼ਤੇਦਾਰ ਲਕਸ਼ਮੀ ਨੇ ਦੱਸਿਆ ਕਿ ਰਿੰਕੂ ਦਾ ਸਾਰਾ ਪਰਿਵਾਰ ਇਸ ਕਮਰੇ ਵਿੱਚ ਸੋ ਰਿਹਾ ਸੀ ਅਤੇ ਛੱਤ ਡਿੱਗਣ ਕਾਰਨ ਸਾਰੇ ਮਲਬੇ ਦੇ ਹੇਠਾਂ ਦਬ ਗਏ। ਇਸ ਘਟਨਾ ਵਿੱਚ ਨਿਸ਼ਾ ਅਤੇ ਅਮਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਰਿੰਕੂ, ਉਸ ਦੀ ਪਤਨੀ ਚਮੇਲੀ ਅਤੇ ਸਾਹਿਲ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਮਲਬੇ 'ਚੋਂ ਬਾਹਰ ਕੱਢਿਆ ਅਤੇ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਇਸ ਦੇ ਨਾਲ ਹੀ ਉਸ ਨੇ ਦੋਸ਼ ਲਾਏ ਹਨ ਕਿ ਕੋਈ ਵੀ ਪ੍ਰਸਾਸ਼ਨਿਕ ਅਧਿਕਾਰੀ ਉਨ੍ਹਾਂ ਦੇ ਪਰਿਵਾਰ ਦੀ ਸਾਰ ਲੈਣ ਤੱਕ ਨਹੀਂ ਪਹੁੰਚਿਆ।
ਉੱਥੇ ਹੀ ਹਾਦਸੇ ਵਾਲੀ ਥਾਂ ਉੱਤੇ ਪਹੁੰਚੇ ਵਿਧਾਇਕ ਦੇ ਬੇਟੇ ਕਰਨ ਨਾਰੰਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਫ਼ਿਲਹਾਲ ਜ਼ਖ਼ਮੀਆਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਛੱਤ ਦੇ ਹੇਠਾਂ ਦੱਬਣ ਨਾਲ ਰਿੰਕੂ ਕੁਮਾਰ ਦੇ 2 ਬੱਚਿਆਂ ਦੀ ਮੌਤ ਹੋਈ ਹੈ ਅਤੇ 3 ਲੋਕ ਜਖ਼ਮੀ ਹੋਏ ਹਨ। ਜਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਧਾਰਾ 374 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।