ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਪੈਂਦੀ ਸਰਹਿੰਦ ਅਨਾਜ ਮੰਡੀ ਵਿੱਚ ਫੂਡ ਸਪਲਾਈ ਦੀ ਅਣਗਹਿਲੀ ਨੇ 6 ਮਹੀਨੇ ਪਹਿਲਾਂ ਕਿਸਾਨਾਂ ਤੋਂ ਸੋਨੇ ਜਿਹੀ ਕਣਕ ਖਰੀਦੀ ਸੀ, ਜੋ ਕਿ ਮੰਡੀ ਵਿੱਚ ਸਹੀ ਸੰਭਾਲ ਨਾ ਹੋਣ ਕਾਰਨ ਸੜ ਚੁੱਕੀ ਹੈ। ਲਾਪਰਵਾਹੀ ਦੀ ਹੱਦ ਇੱਥੋ ਤੱਕ ਸਾਹਮਣੇ ਆਈ ਕਿ ਅਪ੍ਰੈਲ ਵਿੱਚ ਖ਼ਰੀਦੀ ਗਈ ਇਸ ਫ਼ਸਲ ਦੀਆਂ ਹਜ਼ਾਰਾਂ ਬੋਰੀਆਂ ਮੰਡੀ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਰੱਖੀਆਂ ਗਈਆਂ ਸਨ।
ਇਨ੍ਹਾਂ 6 ਮਹੀਨਿਆਂ ਦੌਰਾਨ ਤੇਜ਼ ਧੁੱਪਾਂ ਤੇ ਵਰ੍ਹਦੇ ਮੀਂਹ ਨੇ ਖੁੱਲ੍ਹੇ ਅਸਮਾਨ ਹੇਠਾਂ ਪਈ ਕਣਕ 'ਤੇ ਮਾੜਾ ਅਸਰ ਪਾਇਆ ਹੈ। ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲ ਨਾਲ ਢੱਕ ਕੇ ਫ਼ਸਲ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਨਿਕਲਿਆਂ ਜਿਸ ਵਿੱਚ ਸੈਂਕੜੇ ਕੁਇੰਟਲ ਕਣਕ ਸੜ ਗਈ।
ਕਿਸਾਨ ਆਗੂ ਕੁਲਦੀਪ ਸਿੰਘ ਨੇ ਸਬੰਧਤ ਏਜੰਸੀਆਂ 'ਤੇ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਹ ਫੂਡ ਸਪਲਾਈ ਦੀ ਵੱਡੀ ਲਾਪਰਵਾਹੀ ਹੈ। ਇਹ ਪਹਿਲਾ ਮੌਕਾ ਨਹੀਂ ਹੈ, ਇਹ ਪੰਜਾਬ ਵਿੱਚ ਆਮ ਵੇਖਣ ਨੂੰ ਮਿਲਦਾ ਹੈ। ਪੰਜਾਬ ਸਰਕਾਰ ਨੂੰ ਇਸ ਬਾਰੇ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਸਬੰਧਤ ਏਜੰਸੀਆਂ 'ਤੇ ਕਾਰਵਾਈ ਕਰਦਿਆਂ, ਉਸ ਨੂੰ ਜੁਰਮਾਨਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਦਿਨਾਂ ਵਿੱਚ ਅਨਾਜ ਮੰਡੀ ਸਰਹਿੰਦ ਵਿੱਚ ਕਈ-ਕਈ ਦਿਨ ਪਾਣੀ ਖੜਾ ਰਹਿੰਦਾ ਸੀ ਅਤੇ ਪਾਣੀ ਦੇ ਨਿਕਾਸ ਦੀ ਘਾਟ ਕਾਰਨ ਫ਼ਸਲ ਖਰਾਬ ਹੋ ਗਈ। ਕੁੰਭਕਰਨੀ ਨੀਂਦ ਸੁੱਤਾ ਹੋਇਆ ਵਿਭਾਗ ਝੋਨੇ ਦਾ ਸੀਜ਼ਨ ਸ਼ੁਰੂ ਹੋਣ ‘ਤੇ ਵੀ ਚੁੱਕਣ ਲਈ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ: ਇਹ ਮੇਰਾ ਪੰਜਾਬ: ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਕਰਵਾਇਆ ਪਰਿਵਾਰ, ਫਿਰ ਵੀ ਸਿਦਕ ਨਾ ਡੋਲਿਆ
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਗੋਇਲ ਦਾ ਇਸ ਸਬੰਧੀ ਕਹਿਣਾ ਸੀ ਕਿ ਸਰਕਾਰ ਵਲੋਂ ਜੋ ਫ਼ਸਲ ਖ਼ਰੀਦੀ ਜਾਂਦੀ ਹੈ, ਉਹ ਗੋਦਾਮਾਂ ਵਿੱਚ ਭੇਜੀ ਜਾਂਦੀ ਹੈ, ਪਰ ਗੋਦਾਮਾਂ ਵਿੱਚ ਥਾਂ ਘੱਟ ਹੋਣ ਕਾਰਨ ਇਹ ਮੰਡੀ ਵਿਚ ਰੱਖੀ ਗਈ ਸੀ ਜਿਸ ਨੂੰ ਅਸੀਂ ਐਫਸੀਆਈ ਨੂੰ ਸੀਜ਼ਨ ਤੋਂ ਪਹਿਲਾਂ ਚੁੱਕਣ ਲਈ ਕਿਹਾ ਹੈ।