ਫ਼ਤਿਹਗੜ੍ਹ ਸਾਹਿਬ: ਪੰਜਾਬ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਲਗਾਤਾਰ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਹੀ ਪਿਛਲੇ ਦਿਨ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਜੋ ਕਿ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ। ਇਸ ਤਰ੍ਹਾਂ ਹੀ ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਵਿੱਚ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੀ ਅਗਵਾਈ ਵਿੱਚ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਟਰੈਕਟਰ ਰੈਲੀ ਕੱਢੀ ਗਈ। ਜਿਸ ਦੇ ਵਿੱਚ ਵੱਡੀ ਗਿਣਤੀ ਕਿਸਾਨ ਟਰੈਕਟਰ ਲੈ ਕੇ ਪਹੁੰਚੇ।
ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਹਲਕਾ ਅਮਲੋਹ ਵਿੱਚ ਟਰੈਕਟਰ ਰੈਲੀ ਕੀਤੀ ਗਈ, ਜੋ ਬੱਸ ਸਟੈਂਡ ਅਮਲੋਹ ਤੋਂ ਸ਼ੁਰੂ ਹੋ ਕੇ ਮੰਡੀ ਗੋਬਿੰਦਗੜ੍ਹ ਤੱਕ ਕੀਤੀ ਗਈ। ਰਣਦੀਪ ਸਿੰਘ ਨੇ ਕਿਹਾ ਕਿ ਜੋ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਹੈ ਕਿਸਾਨਾਂ ਲਈ ਮਾਰੂ ਸਿੱਧ ਹੋਵੇਗਾ। ਇਸ ਲਈ ਇਸ ਵਿੱਚ ਫ਼ਿਰ ਤੋਂ ਸੋਧ ਕਰਨ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਵੱਲੋਂ ਕਿਸਾਨਾਂ ਦੇ ਨਾਲ ਹਰ ਸੰਘਰਸ਼ ਵਿੱਚ ਸਾਥ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜੋ ਬੀਤੇ ਦਿਨੀਂ ਪ੍ਰਦਰਸ਼ਨ ਕੀਤਾ ਗਿਆ ਹੈ ਮਹਿਜ਼ ਡਰਾਮਾ ਹੈ। ਉਹ ਸਿਆਸੀ ਲਾਹਾ ਲੈਣ ਦੇ ਲਈ ਇਹ ਕੁੱਝ ਕਰ ਰਹੇ ਹਨ।
ਰਾਹੁਲ ਗਾਂਧੀ ਦੇ ਦੌਰੇ ਬਾਰੇ ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੇ ਕਿਸਾਨਾਂ ਦੇ ਲਈ ਇੱਥੇ ਆ ਰਹੇ ਹਨ ਜਿਸ ਦਾ ਬਹੁਤ ਵੱਡਾ ਪ੍ਰਭਾਵ ਪਵੇਗਾ।