ਸ੍ਰੀ ਫ਼ਤਿਹਗੜ੍ਹ ਸਾਹਿਬ: ਇੱਕ ਪਾਸੇ ਜਿੱਥੇ ਸੂਬਾ ਸਰਕਾਰ ਪਿੰਡਾਂ ਦੇ ਵਿਕਾਸ ਕਰਨ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਦਿਖਾਈ ਦੇ ਰਹੀ ਹੈ। ਫ਼ਤਿਹਗੜ੍ਹ ਸਾਹਿਬ ਦੇ ਪਿੰਡ ਭਾਂਬਰੀ ਵਿੱਚ ਮੀਂਹ ਪੈਣ ਨਾਲ ਉੱਥੇ ਦੇ ਟੋਭੇ ਓਵਰ ਫਲੋਂ ਹੋ ਗਏ ਹਨ ਜਿਸ ਨਾਲ ਪਿੰਡ ਦੀਆਂ ਗਲੀਆਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਪਾਣੀ ਖੜ੍ਹਾ ਹੋਣ ਨਾਲ ਪਿੰਡ ਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਇੱਥੇ ਦੇ ਟੋਭੇ ਓਵਰ ਫਲੋਂ ਹੋ ਜਾਂਦੇ ਹਨ ਜਿਸ ਨਾਲ ਪਿੰਡ ਦੀਆਂ ਸੜਕਾਂ ਜਲਥਲ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਦਿਨ ਮੀਂਹ ਪੈਣ ਨਾਲ ਇੱਥੇ 2 ਮਹੀਨੇ ਤੱਕ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਪਿੰਡ ਵਾਸੀਆਂ ਨੂੰ ਗੁਰਦੁਆਰਾ ਸਾਹਿਬ ਜਾਣ ਵੇਲੇ ਇਸ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਵਿੱਚ ਡੇਂਗੂ ਮਹਾਂਮਾਰੀ ਦਾ ਪ੍ਰਕੋਪ ਚਲ ਹੈ ਜਿਸ ਕਰਕੇ ਹੁਣ ਤੱਕ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਜਿਸ ਨਾਲ ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪੰਚਾਇਤ ਰਾਹੀਂ ਪਿੰਡ ਦੇ ਸਰਪੰਚ ਨੂੰ ਜਾਣੂੰ ਕਰਵਾਇਆ ਹੈ ਪਰ ਫਿਰ ਵੀ ਇਸ ਦਾ ਅਜੇ ਤੱਕ ਕੋਈ ਹਲ ਨਹੀਂ ਹੋਇਆ।
ਐਸਡੀਐਮ ਅਨੰਦ ਸਾਗਰ ਸ਼ਰਮਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਉਹ ਇਸ ਪਿੰਡ ਦੀ ਹਾਲਤ ਵੀ ਦੇਖ ਚੁੱਕੇ ਹਨ ਤੇ ਜਲਦ ਹੀ ਪਿੰਡ ਵਾਸੀਆਂ ਦੀ ਇਸ ਸਮੱਸਿਆਂ ਦਾ ਹੱਲ ਕੀਤਾ ਜਾਵੇਗਾ।