ਫਤਹਿਗੜ੍ਹ ਸਾਹਿਬ: ਖੰਨਾ ਵਿਖੇ ਆਮ ਆਦਮੀ ਪਾਰਟੀ ਦੇ ਸੱਤ ਆਗੂਆਂ ਨੂੰ ਜਬਰੀ ਵਸੂਲੀ ਦੇ ਕੇਸ ਵਿੱਚ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵਿੱਚ ਰਿਸ਼ਵਤਖੋਰ ਬਖਸ਼ੇ ਨਹੀਂ ਜਾਣਗੇ। ਆਮ ਆਦਮੀ ਪਾਰਟੀ ਦੀ ਨੀਂਹ ਭ੍ਰਿਸ਼ਟਾਚਾਰ ਦੇ ਵਿਰੋਧ ਚ ਰੱਖੀ ਗਈ ਸੀ। ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਹੋਵੇਗਾ।
ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਕਿਹਾ ਸੀ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀਂ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਮੰਤਰੀ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਜੇਲ੍ਹ ਭੇਜਿਆ ਸੀ। ਇਸੇ ਤਰ੍ਹਾਂ ਹੇਠਲੇ ਪੱਧਰ ਉਪਰ ਵੀ ਰਿਸ਼ਵਤ ਦੇ ਖ਼ਿਲਾਫ ਲਗਾਤਾਰ ਜੰਗ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਰਿਸ਼ਵਤਖੋਰਾਂ ਨੂੰ ਨਹੀਂ ਬਖਸ਼ੇਗੀ। ਉਹਨਾਂ ਦੇ ਹਲਕੇ ਵਿੱਚ ਜਿਹੜੇ ਪਾਰਟੀ ਦੇ ਆਗੂ ਕਾਨੂੰਨ ਦੇ ਸ਼ਿਕੰਜੇ ਚ ਆਏ ਹਨ, ਉਹਨਾਂ ਦੀਆਂ ਪਹਿਲਾਂ ਵੀ ਛੋਟੀਆਂ ਛੋਟੀਆਂ ਸ਼ਿਕਾਇਤਾਂ ਆਈਆਂ ਸੀ ਪ੍ਰੰਤੂ ਹੁਣ ਇਹ ਆਗੂ ਪ੍ਰਸ਼ਾਸਨ ਦੇ ਟ੍ਰੈਪ ਵਿੱਚ ਫਸ ਗਏ ਹਨ।
ਇਹ ਵੀ ਪੜ੍ਹੋ : Ludhiana Gas Leak: ਗਿਆਸਪੁਰਾ ਗੈਸ ਕਾਂਡ, ਹਾਈਡ੍ਰੋਜਨ ਸਲਫਾਈਡ ਗੈਸ ਵੱਧਣ ਕਾਰਨ ਵਾਪਰਿਆ ਹਾਦਸਾ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤੇ ਵੱਡੇ ਖੁਲਾਸੇ
ਸੌਂਦ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਅਦਾਲਤ ਜਿਹੜਾ ਵੀ ਫੈਸਲਾ ਇਸ ਮਾਮਲੇ ਵਿਚ ਦੇਵੇਗੀ, ਉਹ ਮਨਜੂਰ ਹੋਵੇਗਾ। ਪਾਰਟੀ ਪੱਧਰ ਉਪਰ ਇਹਨਾਂ ਆਗੂਆਂ ਖਿਲਾਫ ਕਾਰਵਾਈ ਦੇ ਸਵਾਲ ਉਪਰ ਵਿਧਾਇਕ ਸੌਂਦ ਨੇ ਕਿਹਾ ਕਿ ਜਿਵੇਂ ਹੀ ਆਪ ਆਗੂਆਂ ਖ਼ਿਲਾਫ ਕੇਸ ਦਰਜ ਹੋਣ ਦੀ ਗੱਲ ਪਤਾ ਲੱਗੀ ਤਾਂ ਨਾਲ ਦੀ ਨਾਲ ਹੀ ਪਾਰਟੀ ਹਾਈਕਮਾਂਡ ਨੂੰ ਇਸ ਬਾਰੇ ਦੱਸਿਆ ਗਿਆ। ਆਉਣ ਵਾਲੇ ਦਿਨਾਂ ਚ ਪਾਰਟੀ ਵੀ ਇਹਨਾਂ ਖਿਲਾਫ ਐਕਸ਼ਨ ਲਵੇਗੀ। ਇਸਦੇ ਨਾਲ ਹੀ ਵਿਧਾਇਕ ਸੌਂਦ ਨੇ ਸਮੂਹ ਪਾਰਟੀ ਆਗੂਆਂ ਅਤੇ ਵਲੰਟੀਅਰਾਂ ਨੂੰ ਅਪੀਲ ਵੀ ਕੀਤੀ ਕਿ ਕੋਈ ਵੀ ਅਜਿਹਾ ਕੰਮ ਨਾ ਕੀਤਾ ਜਾਵੇ ਕਿ ਜਿਸ ਨਾਲ ਪਾਰਟੀ ਦੀ ਬਦਨਾਮੀ ਹੋਵੇ ਅਤੇ ਗੰਭੀਰ ਨਤੀਜੇ ਭੁਗਤਣੇ ਪੈਣ। ਕਿਉਂਕਿ ਜੋ ਕੋਈ ਵੀ ਗਲਤੀ ਕਰੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ।