ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਦੇ ਵਿੱਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਜਿਸਦੇ ਕਾਰਨ ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਜਿੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਦੇਖਦੇ ਹੋਏ ਸਿਵਲ ਹਸਪਤਾਲਾਂ ਦੇ ਵਿਚ ਪੁਖ਼ਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਸਦੀ ਜਮੀਨੀ ਹਕੀਕਤ ਕੁਝ ਹੋਰ ਹੀ ਹੈ। ਦੱਸ ਦਈਏ ਕਿ ਜ਼ਿਲ੍ਹੇ ਦੇ ਸਿਵਲ ਹਸਪਤਾਲ ’ਚ ਵੈਂਟੀਲੇਟਰ ਦੀ ਘਾਟ ਹੈ ਜਿਸ ਕਾਰਨ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ।
ਮਰੀਜ਼ਾ ਨੂੰ ਕੀਤਾ ਜਾਂਦਾ ਹੈ ਚੰਡੀਗੜ੍ਹ ਅਤੇ ਪਟਿਆਲਾ ਰੈਫਰ
ਇਸ ਸਬੰਧ ’ਚ ਸਿਵਲ ਸਰਜਨ ਬਲਜੀਤ ਕੌਰ ਨੇ ਦੱਸਿਆ ਕਿ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਉਨ੍ਹਾਂ ਵੱਲੋਂ ਕੋਰੋਨਾ ਨੂੰ ਦੇਖਦੇ ਹੋਏ ਪ੍ਰਬੰਧ ਕੀਤੇ ਗਏ ਹਨ। ਹੋਰ ਥਾਵਾਂ ਦੀ ਤਰ੍ਹਾਂ ਜ਼ਿਲ੍ਹੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੈਂਟੀਲੇਟਰ ਨਾ ਹੋਣ ਕਾਰਨ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਪਟਿਆਲਾ ਤੇ ਚੰਡੀਗਡ਼੍ਹ ਭੇਜਿਆ ਜਾਂਦਾ ਹੈ।
ਨਿੱਜੀ ਹਸਪਤਾਲ ਚ ਹੈ ਇੱਕ ਵੈਂਟੀਲੇਟਰ- ਸਿਵਲ ਸਰਜਨ
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਜੇਕਰ ਵੈਂਟੀਲੇਟਰ ਹੈ ਤਾਂ ਉਹ ਇੱਕ ਨਿੱਜੀ ਹਸਪਤਾਲ ਦੇ ਵਿੱਚ ਹੈ। ਜੇਕਰ ਸਿਵਲ ਹਸਪਤਾਲ ਚ ਵੀ ਵੈਂਟੀਲੇਟਰ ਦੀ ਸੁਵੀਧਾ ਹੋ ਜਾਵੇ ਤਾਂ ਮਰੀਜ਼ਾਂ ਨੂੰ ਕਿਧਰੇ ਹੋਰ ਰੈਫਰ ਨਹੀਂ ਕਰਨਾ ਪਵੇਗਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨ ਦੀ ਲੋਕਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।
ਇਹ ਵੀ ਪੜੋ: ਸੁਖਬੀਰ ਬਾਦਲ ਨੇ ਛਿੱਕੇ ਟੰਗੇ ਕੋਰੋਨਾ ਨਿਯਮ, ਮੀਟਿੰਗ ਦੌਰਾਨ ਕੀਤਾ ਵੱਡਾ ਇਕੱਠ