ਫ਼ਤਿਹਗੜ੍ਹ ਸਾਹਿਬ: ਪੰਜਾਬ ਵਿੱਚ ਆਏ ਦਿਨ ਬੇਅਦਬੀ ਦੀਆਂ ਘਟਨਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦਿਨ ਸੋਮਵਾਰ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਵੀ ਇੱਕੋ ਹੀ ਦਿਨ ਦੋ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਅਤੇ ਪਿੰਡ ਜੱਲ੍ਹਾ ਦੇ ਗੁਰਦੁਆਰਾ ਸਾਹਿਬ ਵਿੱਚ 2 ਵੱਖ-ਵੱਖ ਸ਼ਰਾਰਤੀ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਫਾੜ ਕੇ ਬੇਅਦਬੀ ਕੀਤੀ ਗਈ ਸੀ। ਜਿਸ ਨੂੰ ਪਿੰਡ ਦੇ ਲੋਕਾਂ ਵੱਲੋਂ ਮੌਕੇ ਉੱਤੇ ਹੀ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ।
ਇਸ ਘਟਨਾ ਦੇ ਰੋਸ ਵਜੋਂ ਸਿੱਖ ਸੰਗਤਾਂ ਵੱਲੋਂ ਥਾਣਾ ਸਰਹਿੰਦ ਦੇ ਸਾਹਮਣੇ ਗੁਜ਼ਰਦੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ। ਇਹ ਜਾਮ ਦਿੱਲੀ-ਅੰਮ੍ਰਿਤਸਰ ਹਾਈਵੇਅ ਉੱਤੇ ਦੋਵੇਂ ਪਾਸੇ ਲਾਇਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਮ ਵਿੱਚ ਫ਼ਸੇ ਲੋਕਾਂ ਦਾ ਕਹਿਣਾ ਹੈ ਕਿ ਜੋ ਵੀ ਹੋਇਆ ਹੈ, ਬਹੁਤ ਹੀ ਮਾੜਾ ਹੋਇਆ ਹੈ, ਪਰ ਇਸ ਦੇ ਵਿੱਚ ਆਮ ਲੋਕਾਂ ਦਾ ਕੀ ਕਸੂਰ ਹੈ। ਜੇ ਘੇਰਣਾ ਹੀ ਹੈ ਤਾਂ ਮੰਤਰੀਆਂ ਦੇ ਘਰ ਘੇਰੋ, ਥਾਣੇ ਘੇਰੋ।
ਪੁਲਿਸ ਵੱਲੋਂ ਕੜੀ ਮਸ਼ੱਕਤ ਦੇ ਬਾਅਦ ਇਸ ਜਾਮ ਨੂੰ ਖੁਲਵਾਇਆ ਗਿਆ। ਇਸ ਜਾਮ ਲਗਭਗ ਅੱਠ ਤੋਂ ਦਸ ਕਿਲੋਮੀਟਰ ਤੱਕ ਰੋਡ ਜਾਮ ਰਿਹਾ। ਪੁਲਿਸ ਦੇ ਯੂ.ਏ.ਪੀ ਐਕਟ ਦੇ ਅਧੀਨ ਕੇਸ ਦਰਜ ਕਰਨ ਤੋਂ ਬਾਅਦ ਸਿੱਖ ਸੰਗਤ ਵੱਲੋਂ ਨੈਸ਼ਨਲ ਹਾਈਵੇ ਦਾ ਜਾਮ ਖੋਲ੍ਹਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸਿੱਖ ਜਥੇਬੰਦੀ ਦੇ ਆਗੂ ਬੰਤਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਉਸ ਤੋਂ ਉਹ ਸੰਤੁਸ਼ਟ ਹਨ ਜਿਸ ਤੋਂ ਬਾਅਦ ਇਹ ਜਾਮ ਖੋਲ੍ਹਿਆ ਗਿਆ ਹੈ।
ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਦੋਸ਼ੀ ਦੀ ਪਹਿਚਾਣ ਸਹਿਜਵੀਰ ਵਜੋਂ ਹੋਈ ਹੈ ਜੋ ਕਿ ਨਾਭਾ ਦਾ ਰਹਿਣ ਵਾਲਾ ਹੈ ਜਿਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਖੇਤੀਬਾੜੀ ਦਾ ਕੰਮ ਕਰਦਾ ਹੈ ਅਜੇ ਕੁੱਝ ਨਹੀਂ ਪਤਾ ਚੱਲ ਰਿਹਾ ਕਿ ਉਸ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਹੈ, ਜਾਂਚ ਦੇ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।