ਅੰਮ੍ਰਿਤਸਰ: ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਚਾਈਨਾ ਡੋਰ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਦੇ ਚਲਦੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਡਰੋਨ ਮੁਹੱਈਆ ਕਰਵਾਏ ਗਏ ਹਨ। ਅੰਮ੍ਰਿਤਸਰ ਸਾਊਥ ਦੇ ਏਸੀਪੀ ਪਰਵੇਸ਼ ਚੋਪੜਾ ਦੇ ਵੱਲੋਂ ਥਾਣਾ ਸੀ ਡਵੀਜਨ ਦੇ ਖੇਤਰ ਵਿਖੇ ਡਰੋਨ ਦੀ ਮਦਦ ਨਾਲ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਖਿਲਾਫ਼ ਨਜ਼ਰ ਰੱਖੀ ਜਾ ਰਹੀ ਹੈ।
ਡਰੋਨ ਰਾਹੀਂ ਰੱਖੀ ਜਾ ਰਹੀ ਨਜ਼ਰ
ਅੰਮ੍ਰਿਤਸਰ ਸਾਊਥ ਦੇ ਏਸੀਪੀ ਪਰਵੇਸ਼ ਚੋਪੜਾ ਨੇ ਦੱਸਿਆ ਕਿ ਹੁਣ ਤੱਕ ਸਾਊਥ ਡਵੀਜਨ ਦੇ ਸਾਰੇ ਥਾਣਿਆਂ ਵਿੱਚ ਹੁਣ ਤੱਕ ਅਲੱਗ-ਅਲੱਗ ਮਾਮਲੇ ਦਰਜ ਕੀਤੇ ਗਏ ਹਨ ਤੇ ਸਾਡੇ ਵੱਲੋਂ ਡਰੋਨ ਨੂੰ ਉਡਾਕੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਖੂਨੀ ਡੋਰ ਹੈ, ਇਸ ਦਾ ਇਸਤੇਮਾਲ ਨਾ ਕੀਤਾ ਜਾਵੇ। ਜੇਕਰ ਪਤੰਗਬਾਜ਼ੀ ਕਰਨੀ ਹੈ ਤਾਂ ਧਾਗੇ ਦੀ ਡੋਰ ਨਾਲ ਕੀਤੀ ਜਾਵੇ।
ਬੱਚਿਆਂ ਨੂੰ ਚਾਇਨਾ ਡੋਰ ਨਾ ਵਰਤਣ ਦੀ ਦਿੱਤੀ ਜਾ ਰਹੀ ਨਸੀਹਤ
ਉਹਨਾਂ ਨੇ ਕਿਹਾ ਕਿ ਹੁਣ ਡਰੋਨ ਦੀ ਮਦਦ ਦੇ ਨਾਲ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲੇ ਬੱਚਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਵੀ ਬੱਚਾ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦਾ ਵਿਖਾਈ ਦੇ ਰਿਹਾ ਹੈ, ਉਸ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਸਮਝਾਇਆ ਜਾ ਰਿਹਾ ਹੈ ਕੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਾਲ ਹੀ ਬੱਚਿਆਂ ਤੋਂ ਪੁੱਛਿਆ ਵੀ ਜਾ ਰਿਹਾ ਹੈ ਕਿ ਉਨ੍ਹਾਂ ਨੇ ਚਾਈਨਾ ਡੋਰ ਕਿੱਥੋਂ ਖਰੀਦੀ ਹੈ। ਇਸ ਤਰੀਕੇ ਨਾਲ ਉਨ੍ਹਾਂ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਮਾਪਿਆਂ ਨੂੰ ਥਾਣੇ ਬੁਲਾ ਕੇ ਦਿੱਤੀ ਜਾ ਰਹੀ ਵਾਰਨਿੰਗ
ਏਸੀਪੀ ਪਰਵੇਸ਼ ਚੋਪੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਤੋਂ ਬਚਿਆ ਜਾਵੇ। ਆਪਣੇ ਮਨੋਰੰਜਨ ਲਈ ਪੰਛੀਆਂ ਤੇ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ, ਜੇ ਪਤੰਗਬਾਜ਼ੀ ਕਰਨੀ ਹੈ ਤਾਂ ਰਵਾਇਤੀ ਡੋਰ ਦਾ ਇਸਤੇਮਾਲ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਹੋਰ ਵੀ ਸਖ਼ਤੀ ਨਾਲ ਰੋਜ਼ਾਨਾ ਡਰੋਨ ਦੀ ਸਹਾਇਤਾ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਾ ਡੋਰ ਦੇ ਨਾਲ ਗੁੱਡੀ ਉਡਾਉਂਦੇ ਨੇ ਉਹਨਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਦੇ ਮਾਪਿਆਂ ਨੂੰ ਥਾਣੇ 'ਚ ਬੁਲਾਇਆ ਜਾਂਦਾ ਹੈ ਤੇ ਵੀਡੀਓ ਦਿਖਾ ਕੇ ਵਾਰਨਿੰਗ ਦਿੱਤੀ ਜਾਂਦੀ ਹੈ। ਜੇਕਰ ਅੱਗੇ ਤੋਂ ਉਹਨਾਂ ਨੇ ਅਜਿਹਾ ਕੀਤਾ ਤਾਂ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ।