ਸ੍ਰੀ ਫ਼ਤਿਹਗੜ੍ਹ ਸਾਹਿਬ: ਸੰਨ 1999 ਦੇ ਵਿੱਚ ਕਾਰਗਿਲ ਦੀ ਜੰਗ ਹੋਈ ਸੀ, ਜਿਸ ਵਿੱਚ ਪੰਜਾਬ ਦੇ ਵੀ ਕਈ ਨੌਜਵਾਨ ਫ਼ੌਜੀ ਸ਼ਹੀਦ ਹੋਏ ਸਨ। ਉਨ੍ਹਾਂ ਸ਼ਹੀਦਾਂ ਵਿੱਚ ਹਲਕਾ ਅਮਲੋਹ ਦੇ ਪਿੰਡ ਭੱਦਲਥੂਹਾ ਦੇ ਗੁਰਬਖ਼ਸ਼ ਸਿੰਘ ਲਾਡੀ ਦਾ ਨਾਂਅ ਵੀ ਆਉਂਦਾ ਹੈ।
ਗੁਰਬਖ਼ਸ਼ ਸਿੰਘ ਲਾਡੀ 19 ਸਾਲ ਦੀ ਉਮਰ ਵਿੱਚ ਭਾਰਤੀ ਫ਼ੌਜ ਵਿੱਚ ਭਰਤੀ ਹੋਏ ਸਨ ਅਤੇ 21 ਸਾਲ ਦੀ ਉਮਰ ਵਿੱਚ ਕਾਰਗਿਲ ਵਿਖੇ ਸ਼ਹੀਦ ਦਾ ਦਰਜਾ ਹਾਸਲ ਕੀਤਾ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸ਼ਹੀਦ ਗੁਰਬਖ਼ਸ਼ ਸਿੰਘ ਲਾਡੀ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੀ ਸ਼ਹੀਦੀ ਉੱਤੇ ਮਾਣ ਹੈ। ਉਹ ਜਿਥੇ ਵੀ ਜਾਂਦੇ ਹਨ, ਸਾਰੇ ਉਨ੍ਹਾਂ ਦਾ ਇਹੀ ਕਹਿ ਕੇ ਆਦਰ ਕਰਦੇ ਹਨ ਕਿ ਉਹ ਸ਼ਹੀਦ ਦੇ ਪਿਤਾ ਹਨ।
ਤੁਹਾਨੂੰ ਦੱਸ ਦਈਏ ਕਿ ਪਿੰਡ ਭਦਲਥੂਹਾ ਵਿਖੇ ਅਮਲੋਹ-ਨਾਭਾ ਰੋਡ ਉੱਤੇ ਸ਼ਹੀਦ ਗੁਰਬਖ਼ਸ਼ ਸਿੰਘ ਲਾਡੀ ਦਾ ਬੁੱਤ ਵੀ ਬਣਿਆ ਹੋਇਆ ਹੈ। ਪਿਤਾ ਅਜੀਤ ਸਿੰਘ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਉਹ ਹਰ ਰੋਜ਼ ਸਵੇਰੇ-ਸ਼ਾਮ ਇਸ ਬੁੱਤ ਵਾਲੀ ਥਾਂ ਉੱਤੇ ਆ ਕੇ ਘਿਓ ਦਾ ਦੀਵਾ ਜਗਾਉਂਦੇ ਹਨ ਅਤੇ ਸਫ਼ਾਈ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਲਾਡੀ ਨੂੰ ਫ਼ੌਜ ਵਿੱਚ ਭਰਤੀ ਹੋਣ ਦਾ ਬਹੁਤ ਚਾਅ ਸੀ। ਉਹ ਅਕਸਰ ਹੀ ਕਹਿੰਦਾ ਰਹਿੰਦਾ ਸੀ ਕਿ ਮੈਨੂੰ ਰੋਕਿਓ ਨਾ ਮੈਂ ਫ਼ੌਜ ਵਿੱਚ ਜ਼ਰੂਰ ਜਾਣਾ ਹੈ।
ਪੰਜਾਬ ਦੇ ਵਿੱਚ ਨਸ਼ੇ ਦੇ ਫ਼ੈਲਾਅ ਨੂੰ ਲੈ ਕੇ, ਨੌਜਵਾਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਇਨ੍ਹਾਂ ਕੰਮਾਂ ਵੱਲ ਧਿਆਨ ਦੇਣ ਦੀ ਬਜਾਏ ਉਸਾਰੂ ਕੰਮਾਂ ਵੱਲ ਧਿਆਨ ਕੇਂਦਰਿਤ ਕਰਨ ਅਤੇ ਕੋਸ਼ਿਸ਼ ਕਰਨ ਕਿ ਦੇਸ਼ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾ ਸਕੇ।
'ਮੈਨੂੰ ਸਰਕਾਰ ਵੱਲੋਂ ਪੂਰਾ ਬਣਦਾ ਮਾਨ-ਸਨਮਾਨ ਮਿਲਦਾ ਹੈ ਅਤੇ ਉਨ੍ਹਾਂ ਦੀ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਹੈ। 15 ਅਗਸਤ ਵਾਲੇ ਦਿਨ ਫ਼ੌਜੀ ਵੀਰ ਆਉਂਦੇ ਹਨ ਅਤੇ ਬੁੱਤ ਕੋਲ ਤਿਰੰਗਾ ਲਹਿਰਾ ਕੇ ਬੇਟੇ ਦੀ ਸ਼ਹਾਦਤ ਨੂੰ ਨਮਨ ਕਰਦੇ ਹਨ।'
ਬੁੱਤ ਦੇ ਨਾਲ ਹੀ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਹੈ, ਜੋ ਕਿ 2012 ਤੋਂ ਇੱਥੇ ਸਬਜ਼ੀ ਵੇਚ ਰਿਹਾ ਹੈ। ਉਹ ਦਿਨ ਦੇ ਸਮੇਂ ਬੁੱਤੇ ਦੇ ਚਾਰੇ ਪਾਸਿਓਂ ਸਫ਼ਾਈ ਕਰਦਾ ਹੈ। ਉਸ ਨੇ ਦੱਸਿਆ ਕਿ ਸਫ਼ਾਈ ਦੀ ਸੇਵਾ ਕਰ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਦੀਆਂ ਬਣੀਆਂ ਹੋਈਆਂ ਯਾਦਗਾਰਾਂ ਦੀ ਸੇਵਾ ਕਰਨ।
ਪਿੰਡ ਦੇ ਸਰਪੰਚ ਜੋਗਾ ਸਿੰਘ ਨੇ ਕਿਹਾ ਕਿ ਜਿੱਥੇ ਦੇਸ਼ ਅਤੇ ਪਿੰਡ ਦੇ ਲਈ ਗੁਰਬਖ਼ਸ਼ ਸਿੰਘ ਲਾਡੀ ਦੀ ਸ਼ਹਾਦਤ ਮਾਣ ਵਾਲੀ ਗੱਲ ਹੈ, ਉੱਥੇ ਹੀ ਪਰਿਵਾਰ ਦਾ ਇਕਲੌਤਾ ਪੁੱਤਰ ਹੋਣ ਦੇ ਨਾਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਵੀ ਪਿਆ ਹੈ।