ਫ਼ਤਿਹਗੜ੍ਹ ਸਾਹਿਬ : ਅੱਜ ਤੋਂ ਵਿਸ਼ਵ ਭਰ ਦੇ ਵਿੱਚ ਮੁਸਲਿਮ ਸਮੁਦਾਏ ਦੇ ਲੋਕਾਂ ਦਾ ਪਵਿੱਤਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕ ਇੱਕ ਮਹੀਨੇ ਲਈ ਰੋਜ਼ੇ ਰੱਖਦੇ ਹਨ। ਉਹ ਰਾਤ ਦੇ ਅਜ਼ਾਨ ਤੋਂ ਬਾਅਦ ਹੀ ਆਪਣਾ ਰੋਜ਼ਾ ਖੋਲ੍ਹਦੇ ਹਨ।
ਰੋਜ਼ਾ ਖੋਲ੍ਹਣ ਤੋਂ ਪਹਿਲਾਂ ਉਹ ਮਸਜਿਦ ਵਿੱਚ ਜਾ ਕੇ ਪੰਜ ਵਾਰ ਨਮਾਜ਼ ਅਦਾ ਕਰਦੇ ਹਨ। ਪਰ ਇਸ ਵਾਰ ਕੋਰੋਨਾ ਵਾਇਰਸ ਕਰ ਕੇ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਗਤੀਵਿਧਿਆਂ, ਲੋਕ ਇਕੱਠ ਨੂੰ ਬੰਦ ਕਰਨ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ। ਇਸੇ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕ ਸਰਕਾਰ ਵੱਲੋਂ ਸਮਾਜਿਕ ਦੂਰੀ ਦੇ ਹੁਕਮ ਨੂੰ ਧਿਆਨ ਵਿੱਚ ਰੱਖਦੇ ਹੋਏ ਘਰਾਂ ਵਿੱਚ ਹੀ ਰੋਜ਼ਿਆਂ ਦੀ ਨਮਾਜ਼ ਅਦਾ ਕਰ ਰਹੇ ਹਨ।
ਇਸ ਦੌਰਾਨ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਫ਼ਤਿਹਗੜ੍ਹ ਸਾਹਿਬ ਦੇ ਕੁੱਝ ਮੁਸਲਿਮ ਵੀਰਾਂ ਨੇ ਦੱਸਿਆ ਕਿ ਉਹ ਕੋਰੋਨਾ ਬਿਮਾਰੀ ਦੇ ਫੈਲਾਓ ਤੇ ਹਰ ਤਰ੍ਹਾਂ ਦੀ ਇਹਤਿਆਤ ਵਰਤ ਰਹੇ ਹਨ। ਉਹ ਆਪਣੇ ਘਰਾਂ ਵਿੱਚ ਰਹਿ ਕੇ ਹੀ ਨਮਾਜ਼ ਅਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਵਿੱਤਰ ਰਮਜ਼ਾਨ ਦੀ ਨਵਾਜ਼ ਅਦਾ ਕਰ ਕੇ ਅੱਲਾ ਤਾਲਾ ਤੋਂ ਦੁਆ ਮੰਗਦੇ ਹਨ ਕਿ ਪੂਰੀ ਦੁਨੀਆਂ ਨੂੰ ਇਸ ਕੋਰੋਨਾ ਦੀ ਮਹਾਂਮਾਰੀ ਤੋਂ ਨਿਜਾਤ ਮਿਲੇ।