ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਖਵਾਸਪੁਰ ਦੀ ਸ਼ਾਮਲਾਟ ਜ਼ਮੀਨ 'ਤੇ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਦਲਿਤਾਂ ਵੱਲੋਂ ਕਬਜ਼ੇ ਦਾ ਮਾਮਲਾ ਭਖਿਆ ਹੋਇਆ ਹੈ। ਪਿੰਡ ਦੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਪਿਛਲੇ ਕਈ ਦਿਨਾਂ ਤੋਂ ਪਿੰਡ ਦੀ ਸ਼ਾਮਲਾਟ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਛੁਡਾਉਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿੰਡ 'ਚ ਸਥਿਤੀ ਉਸ ਵੇਲੇ ਤਨਾਅਪੂਰਨ ਹੋ ਗਈ ਜਦੋਂ ਕਬਜ਼ਾ ਛੁਡਾਉਣ ਲਈ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲੋਕਾਂ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ ਅਤੇ ਪੁਲਿਸ ਨੂੰ ਖ਼ਾਲੀ ਹੱਥ ਵਾਪਸ ਜਾਣਾ ਪਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਕਬਜ਼ਾਧਾਰੀ ਲੋਕਾਂ ਨੇ ਕਿਹਾ ਕਿ ਉਹ ਆਪਣਾ ਹੱਕ ਲੈ ਰਹੇ ਹਨ ਅਤੇ ਜੇ ਕਰ ਉਨ੍ਹਾਂ ਨਾਲ ਜ਼ਿਆਦਤੀ ਕਤੀ ਗਈ ਤਾਂ ਉਹ ਖ਼ੁਦਕੁਸ਼ੀ ਕਰ ਲੈਣਗੇ ਜਿਸ ਦੀ ਜ਼ਿੰਮੇਵਾਰੀ ਹਲਕਾ ਵਿਧਾਇਕ ਅਤੇ ਪਿੰਡ ਦੇ ਸਰਪੰਚ ਦੀ ਹੋਵੇਗੀ।
ਇਹ ਵੀ ਪੜ੍ਹੋ- ਸਮੇਂ ਸਿਰ ਮੈਡੀਕਲ ਸਹੂਲਤ ਨਾ ਮਿਲਣ ਕਾਰਨ ਵਿਦਿਆਰਥੀ ਦੀ ਹੋਈ ਮੌਤ
ਦੱਸਣਯੋਗ ਹੈ ਕਿ ਪਿੰਡ ਦੇ 120 ਪਰਿਵਾਰਾਂ ਨੇ ਜ਼ਮੀਨ 'ਤੇ ਆਰਜ਼ੀ ਘਰ ਬਣਾ ਕਬਜ਼ਾ ਜਮਾਇਆ ਹੋਇਆ ਹੈ ਅਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਜੋ ਦਲਿਤਾਂ ਦੀ ਮਦਦ ਕਰ ਰਿਹਾ ਹੈ ਉਸ ਨੇ ਕਿਹਾ ਕਿ ਪੁਲਿਸ ਧੱਕੇ ਨਾਲ ਹਲਕਾ ਵਿਧਾਇਕ ਦੀ ਸਹਿ 'ਤੇ ਗਰੀਬ ਲੋਕਾਂ ਨੂੰ ਧੱਕੇ ਨਾਲ ਹਟਾ ਰਹੀ ਹੈ। ਪਿੰਡ ਦੇ ਸਰਪੰਚ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਿੱਟੂ ਧੱਕੇ ਨਾਲ ਜ਼ਮੀਨ 'ਤੇ ਕਬਜ਼ਾ ਕਰ ਰਿਹਾ ਹੈ। ਉਸ ਨੇ ਕਿਹਾ ਕਿ ਜੇ ਕਰ ਉਸ ਕੋਲ ਜ਼ਮੀਨ ਦੇ ਕਾਗਜ਼ਾਤ ਹਨ ਤਾਂ ਉਹ ਦਿਖਾਵੇ ਅਤੇ ਉਹ ਨਾਲ ਦੀ ਨਾਲ ਜ਼ਮੀਨ ਛੱਡ ਦੇਣਗੇ।
ਹੁਣ ਦੇਖਣਾ ਇਹ ਹੋਵੇਗਾ ਕਿ ਆਮ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਛਿੜੀ ਇਸ ਜੰਗ 'ਚ ਆਖ਼ਰ ਕਿਸ ਦੀ ਜਿੱਤ ਹੁੰਦੀ ਹੈ।