ਸਰਹਿੰਦ : ਸੂਬੇ ਵਿਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ 'ਤੇ ਠੱਲ ਪਾਉਣ ਦੇ ਲਈ ਪੁਲਿਸ ਵੱਲੋਂ ਚੌਕਸੀ ਵਧਾਈ ਜਾ ਰਹੀ ਹੈ , ਜਿਸ ਤਹਿਤ ਪੁਲਿਸ ਨੂੰ ਕਮਾਯਾਬੀ ਵੀ ਹਾਸਿਲ ਹੋ ਰਹੀ ਹੈ। ਤਾਜ਼ਾ ਮਾਮਲੇ ਵਿੱਚ ਸਰਹਿੰਦ ਥਾਣਾ ਪੁਲਿਸ ਵੱਲੋਂ ਦੋ ਅਜਿਹੇ ਚੋਰਾਂ ਨੂੰ ਕਾਬੂ ਕੀਤਾ ਹੈ, ਜਿੰਨਾਂ ਨੇ ਇਕ ਟਾਟਾ ਗੱਡੀ ਦੀ ਲੁੱਟ ਕੀਤੀ ਸੀ, ਜਿਸ ਵਿੱਚ ਲਗਭਗ 30 ਲੱਖ ਰੁਪਏ ਦੇ ਸਾਇਕਲ ਪਾਰਟਸ ਸਨ। ਪੁਲਿਸ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ 2 ਮੁਲਜ਼ਮਾਂ ਨੂੰ ਸਮਾਨ ਸਮੇਤ ਕਾਬੂ ਕਰ ਲਿਆ ਹੈ।
ਇਸ ਸਬੰਧੀ ਡੀਐੱਸਪੀ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਰਹਿੰਦ ਪੁਲਿਸ ਕੋਲ ਵਿਜੈ ਮੁਥੂਮਾਰਨ ਪੁੱਤਰ ਮੁਥੂਮਾਰਨ ਵਾਸੀ ਥਿਪਾਸੰਦਰਮ ਜ਼ਿਲ੍ਹਾ ਕ੍ਰਿਸ਼ਨਗਿਰੀ (ਤਾਮਿਲਨਾਡੂ) ਨੇ ਸ਼ਿਕਾਇਤ ਕੀਤੀ ਸੀ। ਉਹ ਆਪਣੀ ਟਾਟਾ ਗੱਡੀ ਵਿਚ ਹੀਰੋ ਸਾਈਕਲ ਕੰਪਨੀ ਦੇ ਪਾਰਟਸ ਲੋਡ ਕਰਕੇ ਲੁਧਿਆਣਾ ਤੋਂ ਹੈਦਰਾਬਾਦ ਜਾ ਰਿਹਾ ਸੀ, ਕਿ ਉਹ ਖਾਣਾ ਖਾਣ ਲਈ ਆਪਣੀ ਗੱਡੀ ਸਰਵਿਸ ਰੋੜ ਸਰਹਿੰਦ ਨੇੜੇ ਚਾਵਲਾ ਚੌਕ ਕੋਲ ਰੁਕਿਆ। ਉਸੇ ਵੇਲੇ ਇਕ ਟਰਾਲੇ ਵਿਚ 2 ਵਿਅਕਤੀ ਸਵਾਰ ਸਨ। ਉਹ ਉਸਤੋਂ 2 ਹਜਾਰ ਰੁਪਏ ਦੀ ਨਗਦੀ ਉਸਦੀ ਗੱਡੀ ਤੇ ਸਪੇਅਰਪਾਰਟ ਵਾਲਾ ਸਮਾਨ ਖੋਹ ਕੇ ਲੇ ਗਏ ਹਨ।
ਜਿਸਤੇ ਥਾਣਾ ਸਰਹਿੰਦ ਦੇ ਐਸ. ਐੱਚ. ਓ. ਨਰਪਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ 9 ਘੰਟਿਆ ਵਿਚ ਉਕਤ ਵਿਅਕਤੀਆਂ ਨੂੰ ਟਰਾਲਾ ਅਤੇ ਟਾਟਾ ਗੱਡੀ ਸਮੇਤ ਗਿ੍ਰਫਤਾਰ ਕੀਤਾ ਹੈ। ਉਕਤ ਵਿਅਕਤੀਆਂ ਦੀ ਪਛਾਣ ਇੰਦਰਜੀਤ ਸਿੰਘ ਉਰਫ ਇੰਦੀ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਹਰਬੰਸਪੁਰਾ, ਜਿਲ੍ਹਾ ਲੁਧਿਆਣਾ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਹਰਬੰਸਪੁਰਾ ਜਿਲ੍ਹਾ ਲੁਧਿਆਣਾ ਦੇ ਤੋਰ ਤੇ ਹੋਈ ਹੈ, ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾ ਖਿਲਾਫ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਹਨਾਂ ਤੋਂ ਹੋਰ ਪੁੱਛਗਿੱਛ ਵਿਚ ਕਈ ਖੁਲਾਸੇ ਹੋਣ ਦੀ ਉਮੀਦ ਵੀ ਜਤਾਈ ਹੈ।