ਜਲੰਧਰ: ਜ਼ਿਲ੍ਹੇ ਦੇ ਦਿਹਾਤੀ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਚਲਾਉਣ ਵਾਲੇ ਇਕ ਮੁਲਜ਼ਮ ਨੂੰ ਮੋਗਾ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਕੋਲੋਂ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਨਾਲ ਹੀ ਇੱਕ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ।
ਐੱਸਐੱਸਪੀ ਸਵਰਨਦੀਪ ਸਿੰਘ ਦੇ ਦੱਸਿਆ ਕਿ 16 ਅਕਤੂਬਰ ਨੂੰ ਜਲੰਧਰ ਦੀ ਫਿਲੌਰ ਪੁਲਿਸ ਵੱਲੋਂ ਗੁਰਦੀਪ ਸਿੰਘ ਨਾਂ ਦੇ ਇੱਕ ਮੁਲਜ਼ਮ ਨੂੰ ਨਸ਼ਾ ਤਸਕਰੀ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਰਦੀਪ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਇਹ ਨਸ਼ਾ ਗਗਨਦੀਪ ਸਿੰਘ ਦੇ ਇਕ ਨਸ਼ਾ ਤਸਕਰ ਕੋਲੋਂ ਲੈ ਕੇ ਆਉਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਗਗਨਦੀਪ ਨੂੰ ਗ੍ਰਿਫ਼ਤਾਰ ਕਰਨ ਲਈ ਮੋਗਾ ਵਿਖੇ ਛਾਪਾਮਾਰੀ ਕੀਤੀ। ਇਸ ਦੌਰਾਨ ਚੱਲੀ ਗੋਲੀ ਵਿੱਚ ਪੁਲਿਸ ਦਾ ਇੱਕ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਸੀ।
ਐਸਐਸਪੀ ਮੁਤਾਬਕ ਗਗਨਦੀਪ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਇਹ ਨਸ਼ਾ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਬੰਗਲੌਰ ਦਾ ਹੈ, ਜੋ ਕਿ ਤਰਨਤਾਰਨ ਬਾਰਡਰ ਦੇ ਨਜ਼ਦੀਕ ਖੇਤਾਂ ਵਿੱਚ ਰੋਡ ਰਾਹੀਂ ਪਹੁੰਚਦੀ ਹੈ ਜਿਥੋਂ ਲੈ ਕੇ ਉਹ ਇਸ ਦੀ ਸਪਲਾਈ ਪੂਰੇ ਪੰਜਾਬ ਵਿੱਚ ਕਰਦਾ ਹੈ।
ਐੱਸਐੱਸਪੀ ਦੇ ਮੁਤਾਬਕ ਗਗਨਦੀਪ ਉੱਪਰ ਹੱਤਿਆ, ਹੱਤਿਆ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਦੇ ਪੰਜ ਮੁਕੱਦਮੇ ਦਰਜ ਹਨ। ਉਹ ਫ਼ਿਲਹਾਲ ਹੱਤਿਆ ਦੇ ਇਕ ਮੁਕੱਦਮੇ ਵਿਚ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ ਅਤੇ ਇੱਥੇ ਆ ਕੇ ਉਸ ਨੇ ਆਪਣੇ ਸਾਥੀਆਂ ਕੋਲੋਂ ਇਕ ਪਿਸਤੌਲ ਅਤੇ ਕੁਝ ਕਾਰਤੂਸ ਲਏ ਅਤੇ ਨਸ਼ਾ ਤਸਕਰੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਕਈ ਸ਼ਹਿਰਾਂ ਵਿਚ ਵੀ ਰਿਹਾ ਹੈ। ਫਿਲਹਾਲ ਪੁਲਿਸ ਗਗਨਦੀਪ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜੋ: ਪੰਜਾਬ ਦੇ ਮੁਲਾਜ਼ਮ ਸ਼ਿਮਲਾ ਵਿੱਚ ਕਰਨਗੇ AAP ਖ਼ਿਲਾਫ਼ ਪ੍ਰਦਰਸ਼ਨ, ਮੁਲਾਜ਼ਮਾਂ ਨੇ ਪੋਲ ਖੋਲ੍ਹ ਰੈਲੀ ਕਰਨ ਦਾ ਕੀਤਾ ਐਲਾਨ