ਸ੍ਰੀ ਫ਼ਤਿਹਗੜ੍ਹ ਸਾਹਿਬ: ਇਥੋਂ ਦੀ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਆਈਪੀਐਲ ਮੈਚਾਂ ਵਿੱਚ ਦੜਾ ਸਟਾ ਲਗਾਉਣ ਵਾਲੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕਾਬੂ ਹੋਏ ਵਿਅਕਤੀਆਂ ਤੋਂ ਪੁਲਿਸ ਨੂੰ 5 ਮੋਬਾਈਲ ਫੋਨ ਤੇ 2 ਲੱਖ 86 ਹਜ਼ਾਰ ਰੁਪਏ ਬਰਾਮਦ ਹੋਏ ਹਨ। ਇਸ ਦੀ ਜਾਣਕਾਰੀ ਡੀਐਸਪੀ ਸੁਖਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਲੰਘੇ ਦਿਨੀਂ ਐਸਐਚਓ ਨੂੰ ਗੁਪਤਾ ਸੁਚਨਾ ਮਿਲੀ ਸੀ ਕਿ ਸ਼ਹਿਰ ਦੇ ਸਥਾਨਕ ਬਾਵਾ ਚਿਕਨ ਦੁਕਾਨ ਵਿੱਚ ਕੁਝ ਵਿਅਕਤੀ ਆਈਪੀਐਲ ਮੈਚਾਂ ਵਿੱਚ ਦੜੇ ਸਟੇ ਦਾ ਕੰਮ ਕਰ ਰਹੇ ਹਨ ਜਿਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਬਾਵਾ ਚਿਕਨ ਦੁਕਾਨ 'ਤੇ ਛਾਪਾ ਮਾਰਿਆ। ਇਸ ਛਾਪੇਮਾਰੀ ਵਿੱਚ ਪੁਲਿਸ ਨੇ 4 ਵਿਅਕਤੀਆਂ ਨੂੰ ਕਾਬੂ ਕੀਤਾ। ਉਨ੍ਹਾਂ ਨੇ ਕਾਬੂ ਹੋਏ 4 ਵਿਅਕਤੀਆਂ ਸ਼ਨਾਖਤ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਦਾ ਨਾਂਅ ਆਸ਼ੂਤੋਸ਼, ਸੋਰਵ ਜੈਨ, ਅਮਨ ਜੈਨ ਤੇ ਸੁਨਿਲ ਕੁਮਾਰ ਹੈ ਤੇ ਇਨ੍ਹਾਂ ਵਿੱਚੋਂ 2 ਵਿਅਕਤੀ ਖੰਨਾ ਦੇ ਵਸਨੀਕ ਹਨ ਤੇ 2 ਮੰਡੀ ਗੋਬਿੰਦ ਗੜ੍ਹ ਦੇ ਵਸਨੀਕ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਨ ਉਪੰਰਤ ਪੁਲਿਸ ਨੂੰ 5 ਮੋਬਾਈਲ ਫੋਨ ਤੇ 2 ਲੱਖ 86 ਹਜ਼ਾਰ ਰੁਪਏ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਇਨ੍ਹਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਪਾ ਕੇ ਰਿਮਾਂਡ ਹਾਸਲ ਕਰ ਲਿਆ ਹੈ।