ਫ਼ਤਿਹਗੜ੍ਹ ਸਾਹਿਬ: ਸਰਕਾਰੀ ਅੰਕੜਿਆਂ ਵਿੱਚ ਮੰਡੀ ਗੋਬਿੰਦਗੜ੍ਹ ਭਾਂਵੇਂ ਪੰਜਾਬ ਦੀ ਸਭ ਤੋਂ ਅਮੀਰ ਨਗਰ ਪ੍ਰੀਸ਼ਦ ਹੋਵੇ ਪਰ ਸ਼ਹਿਰ ਦੇ ਹਲਾਤ ਕਿਸੇ ਨਗਰ ਪੰਚਾਇਤ ਦੇ ਨਾਲੋਂ ਵੀ ਮਾੜੇ ਦਿਖਾਈ ਦੇ ਰਹੇ ਹਨ। ਸ਼ਹਿਰ ਵਿੱਚ ਸੀਵਰੇਜ ਦੀ ਸਹੂਲਤ ਪੂਰੀ ਤਰ੍ਹਾਂ ਨਾਲ ਠੱਪ ਨਜ਼ਰ ਨਜ਼ਰ ਆ ਰਹੀ ਹੈ। ਮੰਡੀ ਗੋਬਿੰਦਗੜ੍ਹ ਦੀ ਵਿਧੀ ਚੰਦ ਕਲੋਨੀ ਵਿੱਚ ਖੜ੍ਹਾ ਸੀਵਜੇਜ ਦਾ ਗੰਦਾ ਪਾਣੀ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਇਸ ਸਮੱਸਿਆ ਬਾਰੇ ਗੱਲ ਕਰਦੇ ਹੋਏ ਮੁਹੱਲਾ ਵਾਸੀਆਂ ਨੇ ਕਿਹਾ ਕਿ ਸੀਵਰੇਜ ਦੇ ਗੰਦੇ ਪਾਣੀ ਦੇ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ ਦਾ ਗੰਦਾ ਪਾਣੀ ਬੀਤੇ 20 ਦਿਨ ਤੋਂ ਗਲੀ ਵਿੱਚ ਇੱਕਠਾ ਹੋ ਰਿਹਾ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਗੰਦਾ ਪਾਣੀ ਹੁਣ ਉਨ੍ਹਾਂ ਦੇ ਘਰਾਂ ਦੇ ਵਿੱਚ ਦਾਖ਼ਲ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਸੀ ਕਿ ਸੀਵਰੇਜ ਦੀ ਬਲੌਕੇਜ ਹੋਣ ਦੇ ਕਾਰਨ ਉਨ੍ਹਾਂ ਦੇ ਘਰਾਂ ਮੂਹਰੇ ਬਣੀਆਂ ਹੋਦੀਆਂ ਵਿੱਚ ਵੀ ਪਾਣੀ ਖੜ੍ਹ ਜਾਂਦਾ ਹੈ ਜਿਸ ਨੂੰ ਉਨ੍ਹਾਂ ਖ਼ੁਦ ਬਾਲਟੀਆਂ ਨਾਲ ਬਾਹਰ ਕੱਢਦੇ ਹਨ।
ਮੁਹੱਲਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਨੂੰ ਕਈ ਵਾਰ ਇਸ ਸਮੱਸਿਆ ਦੀ ਸ਼ਿਕਾਇਤ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ। ਜਦੋਂ ਆਉਂਦੇ ਹਨ ਤਾਂ ਉਹ ਇੱਥੋਂ ਪਾਣੀ ਦਾ ਟੈਂਕਰ ਭਰ ਕੇ ਲਾਏ ਜਾਂਦੇ ਹਨ ਪਰ ਇਸ ਦਾ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇ ਇਸ ਦਾ ਕੋਈ ਹੱਲ ਨਾ ਹੋਇਆ ਤਾਂ ਉਨ੍ਹਾਂ ਵੱਲੋਂ ਨਗਰ ਪ੍ਰੀਸ਼ਦ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ।
ਉੱਥੇ ਹੀ ਨਗਰ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਦੇ ਈ. ਓ. ਚਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੁਣ ਹੀ ਆਇਆ ਹੈ। ਇਸ ਦਾ ਹੱਲ ਕਰਨ ਦੇ ਲਈ ਜੇਈ ਦੀ ਡਿਊਟੀ ਲਗਾ ਦਿੱਤੀ ਜਾਵੇਗੀ। ਇਸ ਦਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ।