ਫ਼ਤਹਿਗੜ੍ਹ ਸਾਹਿਬ: ਬੀਤੀ ਰਾਤ ਬਿਹਾਰ ਦੇ ਸਹਾਰਸਾ ਜਾਣ ਵਾਲੀ ਛੱਠ ਪੂਜਾ ਲਈ ਸਪੈਸ਼ਲ ਰੇਲਗੱਡੀ ਸਰਹੰਦ ਸਟੇਸ਼ਨ ਉੱਤੇ ਨਾ ਪਹੁੰਚਣ ਕਾਰਨ ਯਾਤਰੀਆਂ ਵੱਲੋਂ ਰੇਲਵੇ ਸਟੇਸ਼ਨ ਸਰਹਿੰਦ ਉੱਤੇ ਜਬਰਦਸਤ ਹੰਗਾਮਾ ਕੀਤਾ ਗਿਆ ਸੀ। ਇਸ ਸਬੰਧੀ ਜੀਆਰਪੀ ਸਰਹਿੰਦ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਪੈਸ਼ਲ ਰੇਗਲੱਡੀ ਰਾਤ ਤਿੰਨ ਵਜੇ ਪਹੁੰਚ ਗਈ ਸੀ ਜੋ ਚਾਰ ਵਜੇ ਰਵਾਨਾ ਹੋਈ। ਇਸ ਵਿੱਚ ਸਾਰੇ ਯਾਤਰੀ ਸਵਾਰ ਹੋਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਹੀ ਯਾਤਰੀ ਜੋ ਬੀਤੇ ਦਿਨ ਤੋਂ ਟ੍ਰੇਨ ਦੀ ਉਡੀਕ ਕਰ ਰਹੇ ਸਨ ਉਹ ਸਪੈਸ਼ਲ ਟ੍ਰੇਨ ਰਾਹੀਂ ਸਵੇਰੇ ਤੜਕੇ ਰਵਾਨਾ ਹੋ ਗਏ ਅਤੇ ਉਹਨਾਂ ਕਿਹਾ ਕਿ ਭਾਵੇਂ ਗੁੱਸੇ ਵਿੱਚ ਆਏ ਹੋਏ ਯਾਤਰੀਆਂ ਵੱਲੋਂ ਆਪਣਾ ਰੋਸ ਪ੍ਰਗਟਾ ਕੇ ਪੱਥਰਬਾਜ਼ੀ ਵੀ ਕੀਤੀ ਗਈ ਪਰੰਤੂ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ। ਉਥੇ ਹੀ ਅਧਿਕਾਰੀ ਨੇ ਦੱਸਿਆ ਕਿ ਕਈ ਹਜਾਰ ਦੇ ਕਰੀਬ ਯਾਤਰੀ ਜਾਣ ਲਈ ਇਕੱਠੇ ਹੋਏ ਹੋਏ ਸਨ। ਜਿਨ੍ਹਾਂ ਨੂੰ ਸਵੇਰੇ ਸਪੈਸ਼ਲ ਟ੍ਰੇਨ ਦੇ ਰਾਹੀਂ ਉਹਨਾਂ ਦੇ ਪਹੁੰਚ ਮਾਰਗ ਤੱਕ ਪਹੁੰਚਾਇਆ ਜਾ ਰਿਹਾ ਹੈ। ਹੁਣ ਸਰਹੰਦ ਰੇਲਵੇ ਸਟੇਸ਼ਨ ਬਿਲਕੁਲ ਖਾਲੀ ਹੈ ਕਿਉਂਕਿ ਸਾਰੇ ਹੀ ਯਾਤਰੀ ਆਪਣੇ ਸਥਾਨਾਂ ਤੇ ਚਲੇ ਗਏ ਹਨ।
ਗੁੱਸੇ ਵਿੱਚ ਰੇਲਗੱਡੀ ਉੱਤੇ ਪੱਥਰਬਾਜੀ : ਕੱਲ ਦੇਰ ਰਾਤ ਬਿਹਾਰ ਜਾਣ ਵਾਲੀ ਸਪੈਸ਼ਲ ਟ੍ਰੇਨ ਰੱਦ ਹੋਣ ਕਾਰਨ ਗੁੱਸੇ ਵਿਚ ਆਏ ਯਾਤਰੀਆਂ ਨੇ ਸਰਹਿੰਦ ਰੇਲਵੇ ਸਟੇਸ਼ਨ ਤੇ ਟ੍ਰੇਨ ਤੇ ਪਥਰਾਓ ਕੀਤਾ। ਵੱਡੀ ਗਿਣਤੀ ਵਿੱਚ ਸਰਹਿੰਦ ਰੇਲਵੇ ਸਟੇਸ਼ਨ ਤੇ ਇੱਕਠੇ ਹੋਏ ਯਾਤਰੀਆਂ ਨੇ ਪਹਿਲਾਂ ਰੇੇਲਵੇ ਸਟੇਸ਼ਨ ਤੇ ਹੰਗਾਮਾ ਕੀਤਾ ਅਤੇ ਬਾਅਦ ਵਿਚ ਰੇਲਵੇ ਟਰੈਕ ਤੇ ਉੱਤਰ ਕੇ ਰੇਲਗੱਡੀ ਉੱਤੇ ਪਥਰਾਓ ਕੀਤਾ। ਪਥਰਾਓ ਤੋਂ ਬਾਅਦ ਰੇਲਵੇ ਪੁਲਿਸ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਅਧਿਕਾਰੀ ਤੁਰੰਤ ਹਰਕਤ ਵਿਚ ਆ ਗਏ।
ਜਿਕਰਯੋਗ ਹੈ ਕਿ ਰੇਲਵੇ ਵਿਭਾਗ ਵੱਲੋ ਸਰਹਿੰਦ ਰੇਲਵੇ ਸਟੇਸ਼ਨ 'ਤੇ ਬਿਹਾਰ 'ਚ ਛੱਠ ਪੂਜਾ ਲਈ ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਟਰੇਨ ਦਾ ਪ੍ਰਬੰਧ ਕੀਤਾ ਸੀ ਅਤੇ ਸਟੇਸ਼ਨ ਤੇ ਰੇਲਗੱਡੀ ਦਾ ਇੰਤਜਾਰ ਕਰ ਰਹੇ ਯਾਤਰੀਆਂ ਨੂੰ ਅਚਾਨਕ ਸਪੈਸ਼ਲ ਟਰੇਨ ਦੇ ਰੱਦ ਹੋਣ ਦੀ ਸੂਚਨਾ ਮਿਲੀ। ਕਾਫੀ ਸਮੇਂ ਤੋ ਟ੍ਰੇਨ ਦੇ ਇੰਤਜਾਰ ਵਿਚ ਬੈਠੇ ਯਾਤਰੀ ਵਿਚ ਅਚਾਨਕ ਗੁੱਸੇ ਵਿਚ ਆ ਗਏ ਅਤੇ ਰੇਲਵੇ ਟਰੈਕ ਤੋਂ ਗੁਜਰ ਰਹੀ ਇਕ ਟ੍ਰੇਨ ਤੇ ਪਥਰਾਓ ਕੀਤਾ।