ਫ਼ਤਹਿਗੜ੍ਹ ਸਾਹਿਬ: ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਅਧੀਨ ਆਉਂਦਾ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ਨੰਬਰ-1, ਸਰਹਿੰਦ ਭਾਖੜਾ ਨਹਿਰ 'ਤੇ ਬਣੇ ਚਾਰ ਦਹਾਕੇ ਪੁਰਾਣਾ ਫਲੋਟਿੰਗ ਰੈਸਟੋਰੈਂਟ (ਪਾਣੀ 'ਤੇ ਤੈਰਦਾ ਹੋਇਆ ਹੋਟਲ) ਨੂੰ ਇਥੇ ਡਿਊਟੀ ਕਰਦੇ ਮੁਲਾਜ਼ਮਾਂ ਤੋਂ ਹਿਸਾਬ-ਕਿਤਾਬ ਲੈਣ ਮਗਰੋਂ ਤਾਲਾ ਲਗਾ ਦਿੱਤਾ ਗਿਆ ਹੈ। ਫਲੋਟਿੰਗ ਰੈਸਟੋਰੈਂਟ ਨੂੰ ਬੰਦ ਕੀਤੇ ਜਾਣ ਮਗਰੋਂ ਸਥਾਨਕ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਜਿਲਾ ਪ੍ਰੀਸ਼ਦ ਦੇ ਸਾਬਕਾ ਚੈਅਰਮੈਨ ਬਲਜੀਤ ਸਿੰਘ ਭੁੱਟਾ ਨੇ ਸਰਹਿੰਦ ਫਲੋਟਿੰਗ ਰੈਸਟਰੈਂਟ ਦਾ ਦੌਰਾ ਕੀਤਾ ਤੇ ਕੈਪਟਨ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਵਿਭਾਗ ਦਾ ਭਾਖੜਾ ਨਹਿਰ 'ਚ ਤੈਰਦੇ ਸਰਹਿੰਦ ਫਲੋਟਿੰਗ ਰੈਸਟਰੈਂਟ ਨੂੰ ਬੰਦ ਕਰਨਾ ਪੰਜਾਬ ਸਰਕਾਰ ਦੀ ਨਲਾਇਕੀ ਦਾ ਸਬੂਤ ਹੈ ਕਿਉਕਿ ਕੈਪਟਨ ਸਰਕਾਰ ਵਲੋਂ ਇਸ ਹੋਟਲ ਨੂੰ ਬੰਦ ਕੀਤੇ ਜਾਣਾ ਕੋਈ ਨਵੀਂ ਗੱਲ ਨਹੀਂ ਹੈ ਇਸ ਤੋ ਪਹਿਲਾਂ ਸਾਲ 2002 ਵਿੱਚ ਕੈਪਟਨ ਸਰਕਾਰ ਨੇ ਲੁਧਿਆਣਾ ਦਾ ਅਲਤਮਸ਼ ਹੋਟਲ, ਹੁਸ਼ਿਆਰਪੁਰ ਦਾ ਲਾਜਵੰਤੀ ਹੋਟਲ ਅਤੇ ਹਿਮਾਚਲ ਵਿਚ ਟੂਰਿਜ਼ਮ ਦੇ ਹੋਟਲ ਵੀ ਬੰਦ ਕਰ ਦਿੱਤੇ ਸਨ, ਜਿਸ ਨਾਲ ਪੰਜਾਬ ਦੇ ਟੂਰਿਜ਼ਮ ਵਿਭਾਗ ਨੂੰ ਬਹੁਤ ਘਾਟਾ ਪਿਆ ਸੀ ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਅਧੀਨ ਇਸ ਰੈਸਟੋਰੈਂਟ ਵਿਚ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਤੋਂ ਅਗਾਊਂ ਅਸਤੀਫ਼ੇ ਵੀ ਲੈ ਲਏ ਗਏ ਹਨ ਜਿਸ ਕਾਰਨ ਰੈਸਟੋਰੈਂਟ ਵਿਚ ਬਤੌਰ ਮੈਨੇਜਰ ਇਕ ਪੋਸਟ, 3 ਕੁੱਕ, 2 ਸਫ਼ਾਈ ਸੇਵਕ, 1 ਸਕਿਉਰਿਟੀ ਗਾਰਡ, 1 ਮਾਲੀ, 1 ਬਰਤਨ ਧੋਣ ਵਾਲਾ, 1 ਕਲਰਕ ਅਤੇ ਇਕ ਵੇਟਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਉਕਤ 11 ਵਰਕਰਾਂ ਤੋਂ ਰੁਜ਼ਗਾਰ ਵੀ ਖੋਹ ਲਿਆ ਗਿਆ ਹੈ। ਇੱਥੋਂ ਤੱਕ ਕਿ ਹੋਟਲ ਦੇ ਨਜ਼ਦੀਕ ਨਹਿਰ ਦੀ ਪਟੜੀ 'ਤੇ ਤਾਇਨਾਤ ਕੀਤੇ ਪੁਲਿਸ ਮੁਲਾਜ਼ਮ ਵੀ ਹਟਾ ਲਏ ਗਏ ਹਨ। ਉਨਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਇਸ ਵੱਖਰੀ ਦਿੱਖ ਵਾਲੇ ਰੈਸਟੋਰੈਂਟ ਨੂੰ ਬੰਦ ਕਰਨ ਦੀ ਬਜਾਏ ਇਸ ਨੂੰ ਢੁੱਕਵੇ ਰਸਤੇ ਨਾਲ ਜੋੜ ਕੇ ਲੀਜ ਤੇ ਦੇ ਦੇਣਾ ਚਾਹੀਦਾ ਹੈ ਤਾਂ ਜੋ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਨੋਜਵਾਨਾਂ ਦਾ ਰੁਜ਼ਗਾਰ ਬਰਕਰਾਰ ਰਹੇ।
ਇਸ ਸਬੰਧੀ ਜਦੋ ਰੈਸਟੋਰੈਂਟ ਵਿਚ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਰੈਸਟੋਰੈਂਟ ਦੇ ਮੈਨੇਜਰ ਰਵੀ ਕੁਮਾਰ ਨੇ ਦੱਸਿਆ ਕਿ ਜੇ ਰੈਸਟੋਰੈਂਟ ਨੂੰ ਸਹੀ ਰਸਤਾ ਦਿੱਤਾ ਜਾਵੇ ਤਾਂ ਇਹ ਜਰੂਰ ਚੱਲ ਜਾਵੇਗਾ ਕਿਉਕਿ ਲੋਕ ਇਸ ਨੂੰ ਦੇਖਣ ਦੂਰੋਂ ਆਪਣੇ ਪਰਿਵਾਰਾਂ ਸਮੇਤ ਆਉਂਦੇ ਹਨ।
ਇਸ ਮੌਕੇ ਰੈਸਟੋਰੈਂਟ ਵਿੱਚ ਮਲੇਰਕੋਟਲਾ ਤੋਂ ਪਰਿਵਾਰ ਨਾਲ ਆਏ ਹੋਏ ਸੈਲਾਨੀ ਅਰਸ਼ ਨੇ ਕਿਹਾ ਕਿ ਇਹ ਇੱਕ ਵੱਖਰੀ ਦਿੱਖ ਵਾਲਾ ਰੈਸਟੋਰੈਂਟ ਹੈ। ਇਸ ਲਈ ਅਹਿਜੀਆ ਬਹੁਮੁੱਲੀ ਯਾਦਗਾਰਾਂ ਨੂੰ ਸਾਂਭਣ ਦੀ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਸ ਰੈਸਟੋਰੈਂਟ ਨੂੰ ਬੰਦ ਨਾ ਕੀਤਾ ਜਾਵੇ।