ਗੋਬਿੰਦਗੜ੍ਹ: ਕੋਰੋਨਾ ਵਾਇਰਸ ਕਰ ਕੇ ਪੂਰੇ ਪੰਜਾਬ ਦੇ ਹੀ ਕਾਰੋਬਾਰ ਠੱਪ ਹੋ ਗਏ ਹਨ, ਚਾਹੇ ਉਹ ਲੋਹਾ ਉਦਯੋਗ ਹੋਵੇ, ਕੱਪੜਾ ਉਦਯੋਗ ਜਾਂ ਫ਼ਿਰ ਖੇਤੀਬਾੜੀ।
ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਦੇ ਲਈ ਪੂਰੇ ਦੇਸ਼ ਵਿੱਚ ਲੌਕਡਾਊਨ ਚੱਲ ਰਿਹਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਕੋਰੋਨਾ ਦਾ ਅਸਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ।
ਲੋਹਾ ਮਿੱਲ ਮਾਲਕਾਂ ਨੇ ETV Bharat ਨਾਲ ਖ਼ਾਸ ਗੱਲਬਾਤ ਕਰਦਿਆਂ ਆਪਣੀ ਮੁਸ਼ਕਿਲਾਂ ਬਾਰੇ ਅਤੇ ਉਦਯੋਗਾਂ ਦੀ ਹਾਲਤ ਬਾਰੇ ਦੱਸਿਆ।
ਸਰਹੱਦਾਂ ਦਾ ਬੰਦ ਹੋਣਾ
ਪੰਜਾਬ ਦੇ ਵਿੱਚ ਕੋਰੋਨਾ ਕਰ ਕੇ ਪੰਜਾਬ ਸਰਕਾਰ ਸਮੇਤ ਹੋਰਨਾਂ ਸੂਬਿਆਂ ਵੱਲੋਂ ਸਰਹੱਦਾਂ ਨੂੰ ਬੰਦ ਕੀਤਾ ਹੋਇਆ ਹੈ, ਜਿਸ ਕਰ ਕੇ ਦਿੱਲੀ, ਯੂ.ਪੀ ਅਤੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੀ ਸਕ੍ਰੈਪ ਅਤੇ ਹੋਰ ਸਾਜੋ-ਸਮਾਨ ਪੰਜਾਬ ਵਿੱਚ ਨਹੀਂ ਆ ਰਿਹਾ ਹੈ। ਸਰਹੱਦਾਂ ਬੰਦ ਹੋਣ ਕਾਰਨ ਸਮਾਨ ਲੈ ਕੇ ਆਉਣ ਵਾਲੇ ਟਰੱਕ ਆ-ਜਾ ਨਹੀਂ ਸਕਦੇ।
ਪ੍ਰਵਾਸੀ ਮਜ਼ਦੂਰਾਂ ਦਾ ਘਰਾਂ ਨੂੰ ਮੁੜਣਾ
ਮੰਡੀ ਗੋਬਿੰਦਗੜ੍ਹ ਵਿਖੇ ਲੋਹਾ ਮਿੱਲਾਂ ਵਿੱਚ ਜ਼ਿਆਦਾ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਹੀ ਕੰਮ ਕਰਦੇ ਹਨ, ਪਰ ਕੋਰੋਨਾ ਵਾਇਰਸ ਕਰ ਕੇ ਹੁਣ ਪ੍ਰਵਾਸੀ ਮਜ਼ਦੂਰ ਵੀ ਘਰਾਂ ਨੂੰ ਵਾਪਸ ਮੁੜ ਗਏ ਹਨ। ਜਿਸ ਕਰ ਕੇ ਮਿੱਲਾਂ ਵਿੱਚ ਕਾਮਿਆਂ ਦੀ ਥੁੜ ਚੱਲ ਰਹੀ ਹੈ, ਜੋ ਕੰਮ ਪਹਿਲਾਂ ਪੂਰਨ ਤੌਰ ਉੱਤੇ ਮੁਕੰਮਲ ਹੁੰਦਾ ਸੀ, ਉਹ ਹੁਣ ਸਿਰਫ਼ ਤੇ ਸਿਰਫ਼ 25 ਤੋਂ 30 ਫ਼ੀਸਦ ਤੱਕ ਹੀ ਮੁਕੰਮਲ ਹੋ ਰਿਹਾ ਹੈ।
ਇਨ੍ਹਾਂ ਮਿੱਲ ਮਾਲਕਾਂ ਨੇ ETV Bharat ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਅਤੇ ਹੋਰਨਾਂ ਸੂਬਿਆਂ ਦੀ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਸਰਹੱਦਾਂ ਨੂੰ ਖੋਲ੍ਹਿਆ ਜਾਵੇ ਅਤੇ ਉਦਯੋਗਾਂ ਤੱਕ ਸਕ੍ਰੈਪ ਅਤੇ ਹੋਰ ਤਰ੍ਹਾਂ ਦੇ ਕੱਚੇ ਮਾਲ ਦੀ ਪਹੁੰਚ ਹੋ ਸਕੇ। ਲੇਬਰ ਨੂੰ ਦੁਬਾਰਾ ਲਿਆਉਣ ਲਈ ਉਪਰਾਲੇ ਕੀਤੇ ਜਾਣ ਅਤੇ ਸਕ੍ਰੈਪ ਉੱਤੇ ਲੱਗਣ ਵਾਲੇ ਜੀ.ਐੱਸ.ਟੀ ਨੂੰ ਖ਼ਤਮ ਕੀਤਾ ਜਾਵੇ।