ਸ੍ਰੀ ਫਤਿਹਗੜ੍ਹ ਸਾਹਿਬ: ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਬਜਟ 2022-23 ਪੇਸ਼ ਕਰਨ ਦੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸੇ ਤਹਿਤ ਉਹ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ।
ਇਸ ਮੌਕੇ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਲੋਕਾਂ ਦਾ ਬਜਟ ਹੋਵੇਗਾ ਜਿਸ ਦੇ ਲਈ ਲੋਕਾਂ ਦੇ ਸੁਝਾਅ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਜਟ ਨੂੰ ਲੈਕੇ ਲੋਕਾਂ ਦੇ ਸੁਝਾਅ ਲੈਣ ਲਈ ਵੈਬ ਪੋਰਟਲ ਵੀ ਤਿਆਰ ਕੀਤਾ ਗਿਆ ਹੈ ਜਿਸ ’ਤੇ ਲੋਕਾਂ ਦੇ ਬਜਟ ਲਈ ਸੁਝਾਅ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਲੋਕ ਸਕਰਾਰ ਨੂੰ ਸੁਝਾਅ ਦੇ ਰਹੇ ਹਨ ਜਿਸ ਦੇ ਮੱਦੇਨਜ਼ਰ ਹੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਪੰਜਾਬ ਦਾ ਬਜਟ ਤਿਆਰ ਕੀਤਾ ਜਾਵੇਗਾ।
ਇਸ ਮੌਕੇ ਚੀਮਾ ਨੇ ਕਿਹਾ ਕਿ ਨਵੀਂਆਂ ਉਦਯੋਗਿਕ ਇਕਾਈਆਂ ਸ਼ੁਰੂ ਕਰਨ ਦੇ ਲਈ ਜਲਦ ਨਵੀਂ ਪਾਲਸੀ ਆਵੇਗੀ ਕਿਉਂਕਿ ਜੇਕਰ ਨਵੇਂ ਉਦਯੋਗ ਨਹੀਂ ਆਉਣਗੇ ਤਾਂ ਹੀ ਪੰਜਾਬ ਦੀ ਤਰੱਕੀ ਨਹੀਂ ਹੋਵੇਗੀ। ਉਥੇ ਹੀ ਉਨ੍ਹਾਂ ਕਿਹਾ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਜੋ ਭ੍ਰਿਸ਼ਟਾਚਾਰ ਕਰੇਗਾ ਉਨ੍ਹਾਂ ਨੂੰ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਖਜ਼ਾਨੇ ਦੀ ਸਥਿਤੀ ਕਾਫੀ ਮਾੜੀ ਸੀ। ਚੀਮਾ ਨੇ ਕਿਹਾ ਕਿ ਉਨ੍ਹਾਂ ਆਸ ਹੈ ਕਿ ਲੋਕਾਂ ਦੀ ਮਦਦ ਨਾਲ ਇਸ ਨੂੰ ਭਰਿਆ ਜਾਵੇਗਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਮਾਈਨਿੰਗ ਦੇ ਲਈ ਵੀ ਜਲਦ ਨਵੀਂ ਪਾਲਸੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਰਾਜਨੀਤਕ ਤੇ ਰੇਤ ਮਾਫੀਆ ਦਾ ਗੱਠਜੋੜ ਬਣਿਆ ਹੋਇਆ ਸੀ ਉਸਨੂੰ ਤੋੜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਚੀਮਾ ਨੇ ਝਾਰਖੰਡ ਦੇ ਪਛਵਾੜਾ ਕੋਲਾ ਖਾਣ ਬਾਰੇ ਬੋਲਦੇ ਹੋਏ ਕਿਹਾ ਕਿ ਇਸ ਕੋਲ ਖਾਣ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦ ਖੋਲ੍ਹਣ ਜਾ ਰਹੇ ਹਨ ਜਿਸ ਨਾਲ ਪੰਜਾਬ ਵਿੱਚ ਕੋਲੇ ਦੀ ਕੋਈ ਘਾਟ ਨਹੀਂ ਹੋਵੇਗੀ ਅਤੇ ਇਸ ਨਾਲ ਬਿਜਲੀ ਵੀ ਸਰਪਲੱਸ ਹੋਵੇਗੀ।
ਰਾਜਾ ਵੜਿੰਗ ਦੇ ਵੱਲੋਂ ਚੁੱਕੇ ਗਏ ਸਵਾਲ ’ਤੇ ਚੀਮਾ ਨੇ ਕਿਹਾ ਕਿ ਜੇ ਚੰਨੀ ਸਰਕਾਰ ਦੇ ਸਮੇਂ ਕੋਲ ਖਾਣ ਖੋਲੀ ਹੁੰਦੀ ਤਾਂ ਲੋਕ ਉਨ੍ਹਾਂ ਦਾ ਧੰਨਵਾਦ ਕਰਦੇ ਹੁਣ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾ ਦਿੱਤਾ ਹੈ।
ਇਹ ਵੀ ਪੜ੍ਹੋ: ਬੱਗਾ ਮਾਮਲੇ ’ਚ ਵੇਰਕਾ ਨੇ ਘੇਰੀ ਮਾਨ ਸਰਕਾਰ, 'ਰਾਜਨੀਤੀ ਨਫ਼ਰਤ ਨਾਲ ਨਹੀਂ ਮੁਹੱਬਤ ਨਾਲ ਚੱਲਦੀ'