ਫ਼ਤਿਹਗੜ੍ਹ ਸਾਹਿਬ: ਪਿੰਡਾਂ ਦੀ ਨੁਹਾਰ ਬਦਲਣ ਲਈ ਸਰਕਾਰਾਂ ਨੂੰ ਪਿੰਡਾਂ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਨਾਲ ਹੀ ਪਿੰਡਾਂ ਦੀ ਪੰਚਾਇਤਾਂ ਨੂੰ ਵੀ ਆਪਣੇ ਪੱਧਰ 'ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਪਰਾਲੇ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਤਹਿਤ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਸਲਾਣਾ ਪੰਚਾਇਤ ਪਿੰਡ ਦੀ ਨੁਹਾਰ ਬਦਲਣ ਦੀ ਰਾਹ 'ਤੇ ਤੁਰੀ ਹੋਈ ਹੈ। ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਖੇਡ ਮੈਦਾਨ ਦਾ ਨਿਰਮਾਣ, ਨਵੇਂ ਛੱਪੜ ਅਤੇ ਸੀਵਰੇਜ ਸਮੇਤ ਕਈ ਨਵੇਂ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ। ਇਸ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਈਟੀਵੀ ਭਾਰਤ ਦੀ ਟੀਮ ਨੇ ਪਿੰਡ ਸਲਾਣਾ ਦਾ ਦੌਰਾ ਕੀਤਾ।
ਪਿੰਡ ਸਲਾਣਾ ਦੇ ਸਰਪੰਚ ਜਗਵੀਰ ਸਿੰਘ ਸਲਾਣਾ ਨੇ ਦੱਸਿਆ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਲਈ ਵਿਕਾਸ ਕਾਰਜ ਚੱਲ ਰਹੇ ਹਨ। ਜੇਕਰ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਪਾਰਕ, ਸਟੇਡੀਅਮ ਅਤੇ ਛੱਪੜਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਪਿੰਡ ਨੂੰ ਬਿਹਤਰ ਸਹੂਲਤਾਂ ਦੇਣ ਦੇ ਲਈ ਸੀਵਰੇਜ ਵੀ ਪਾਏ ਜਾ ਰਹੇ ਹਨ ਅਜਿਹੇ ਕੰਮਾਂ ਲਈ ਸਰਕਾਰ ਵੱਲੋਂ ਰਾਸ਼ੀ ਦਿੱਤੀ ਜਾ ਰਹੀ ਹੈ।
ਪਾਰਕਾਂ ਦੇ ਵਿੱਚ ਲੋਕ ਸਵੇਰ ਦੀ ਸੈਰ ਕਰਦੇ ਹਨ ਅਤੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਕਸਰਤ ਕਰਦੇ ਹਨ। ਉੱਥੇ ਹੀ ਪਿੰਡਾਂ ਦੇ ਵਿੱਚ ਕੂੜੇ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਨ ਦੇ ਲਈ ਵੀ ਪ੍ਰਾਜੈਕਟ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਦੇ ਮਾਡਲ ਨੂੰ ਅਪਣਾਉਂਦੇ ਹੋਏ ਛੱਪੜਾਂ ਦਾ ਨਿਰਮਾਣ ਕੀਤਾ ਗਿਆ ਹੈ। ਇਸੇ ਤਰ੍ਹਾਂ ਘਰ ਦੇ ਕੂੜੇ ਅਤੇ ਰਹਿੰਦ-ਖੂੰਹਦ ਨੂੰ ਵੀ ਇੱਕਠਾ ਕਰਕੇ ਖਾਦ ਤਿਆਰ ਕੀਤੀ ਜਾ ਰਹੀ ਹੈ॥
ਜਦੋਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਪਿੰਡਾਂ ਦੇ ਵਿੱਚ ਵਧੀਆ ਕੰਮ ਚੱਲ ਰਹੇ ਹਨ। ਜਿੱਥੇ ਪਹਿਲਾਂ ਪਿੰਡ ਦੇ ਵਿੱਚ ਥਾਂ-ਥਾਂ 'ਤੇ ਰੂੜੀਆਂ ਦੇ ਢੇਰ ਲੱਗਦੇ ਸਨ ਹੁਣ ਪਿੰਡ ਦੇ ਵਿੱਚ ਕੂੜੇ ਨੂੰ ਇਕੱਠਾ ਕਰਨ ਦੇ ਲਈ ਰੇਹੜੀ ਲਗਾ ਦਿੱਤੀ ਗਈ ਹੈ ਅਤੇ ਕੂੜਾ ਇੱਕ ਨਿਰਧਾਰਤ ਥਾਂ 'ਤੇ ਹੀ ਸੁੱਟਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਦੀ ਖਾਦ ਤਿਆਰ ਹੁੰਦੀ ਹੈ।
ਪਿੰਡ ਨੂੰ ਸੁਰੱਖਿਅਤ ਰੱਖਣ ਦੇ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਪਾਰਕ ਅਤੇ ਗਰਾਊਂਡ ਬਣਾਏ ਗਏ ਹਨ ਜਿਸ ਵਿੱਚ ਲੋਕ ਸੈਰ ਕਰ ਸਕਦੇ ਹਨ ਉੱਥੇ ਹੀ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਪ੍ਰਬੰਧ ਕੀਤਾ ਗਿਆ ਹੈ।