ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦੇ ਦੌਰਾਨ ਕੋਰੋਨਾ ਵੈਕਸੀਨ ਅਤੇ ਫਤਿਹ ਕਿੱਟ ਦੇ ਘੁਟਾਲੇ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ। ਜਿਸ ’ਚ ਹਲਕਾ ਅਮਲੋਹ ਤੋਂ ਵੀ ਵੱਡੀ ਗਿਣਤੀ ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਚੰਡੀਗੜ੍ਹ ਲਈ ਰਵਾਨਾ ਹੋਏ।
ਇਸ ਸਬੰਧ ’ਚ ਹਲਕਾ ਇੰਚਾਰਜ ਰਾਜੂ ਖੰਨਾ ਨੇ ਕਿਹਾ ਕਿ ਕੈਪਟਨ ਅਮਰਿਦਰ ਸਿੰਘ ਦੀ ਸਰਕਾਰ ਜਿੱਥੇ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਕੋਰੋਨਾ ਮਹਾਂਮਾਰੀ ਸਮੇਂ ਵੀ ਲੋੜਵੰਦਾਂ ਦੀ ਖਾਸ ਕਰਕੇ ਮਰੀਜ਼ਾਂ ਲਈ ਕੋਈ ਸਹਾਇਤਾ ਪ੍ਰਦਾਨ ਨਹੀਂ ਕਰ ਸਕੀ। ਹਸਪਤਾਲਾਂ ਚ ਵੀ ਸਰਕਾਰ ਆਕਸੀਜਨ ਅਤੇ ਬੈੱਡਾਂ ਦਾ ਪ੍ਰਬੰਧ ਨਹੀਂ ਕਰ ਸਕੀ ਹੈ। ਦੂਜੇ ਪਾਸੇ ਵੈਕਸੀਨ ਡੋਜ ਜੋ 400 ਰੁਪਏ ਦੀ ਲੈਕੇ ਫਰੀ ਲਗਾਉਣੀ ਸੀ। ਉਹ 1,060 ਰੁਪਏ ਦੇ ਹਿਸਾਬ ਨਾਲ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤੀ ਗਈ ਜਿਸ ਨੂੰ ਪ੍ਰਾਈਵੇਟ ਹਸਪਤਾਲ 1,600 ਰੁਪਏ ਤੱਕ ਲਗਾ ਰਹੇ ਹਨ। ਜਿਹੜੀ ਕਿ ਵੱਡੀ ਲੁੱਟ ਹੈ।
ਹਲਕਾ ਇੰਚਾਰਜ ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੀਤੇ ਇਸ ਮਹਾਂਘੁਟਾਲੇ ਨੂੰ ਜਗ ਜ਼ਾਹਿਰ ਕਰਨ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ।
ਇਹ ਵੀ ਪੜੋ: ਫ਼ਤਿਹ ਕਿੱਟ ਘੁਟਾਲਾ: ਅਕਾਲੀ ਬਸਪਾ ਪ੍ਰਦਰਸ਼ਨ, ਸੁਖਬੀਰ ਬਾਦਲ ਹਿਰਾਸਤ 'ਚ