ਫ਼ਤਿਹਗੜ੍ਹ ਸਾਹਿਬ :ਪੰਜਾਬ ਵਿੱਚ ਹਾੜ੍ਹੀ ਦਾ ਸੀਜਨ ਚਲ ਰਿਹਾ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋਂ ਮੰਡੀਆਂ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਕਿ ਕਿਸਾਨਾਂ ਦੀ ਫਸਲ ਮੰਡੀ 'ਚ ਤੁਰੰਤ ਖਰੀਦ ਲਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਪਰ ਮਾਰਕਿਟ ਕਮੇਟੀ ਸਰਹਿੰਦ ਦੇ ਖਰੀਦ ਸੈਂਟਰ ਪੀਰਜੈਨ ਵਿੱਚ ਪਿਛਲੇ ਚਾਰ ਦਿਨ ਤੋਂ ਸਰਕਾਰੀ ਬੋਲੀ ਨਹੀਂ ਲਾ ਰਹੀ। ਇਸ ਕਾਰਨ ਕਿਸਾਨਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਕਣਕ ਦੀ ਖਰੀਦ ਨਾ ਹੋਣ 'ਤੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਮੰਡੀਆਂ ਦੇ ਵਿੱਚ ਪ੍ਰਬੰਧਾਂ ਦੀ ਗੱਲ ਕਰ ਰਹੀ ਹੈ ਪਰ 4 ਦਿਨ ਤੋਂ ਉਨ੍ਹਾਂ ਦੀ ਫਸਲ ਮੰਡੀ ਵਿੱਚ ਰੁਲ ਰਹੀ ਹੈ। ਮੰਡੀ 'ਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਹ 18 ਅਪ੍ਰੈਲ ਨੂੰ ਖਰੀਦ ਕੇਂਦਰ ਪੀਰਜੈਨ 'ਚ ਆਪਣੀ ਫ਼ਸਲ ਲੈ ਕੇ ਆਏ ਸਨ ਪਰ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਜਾਂ ਖਰੀਦ ਏਜੰਸੀ ਦਾ ਕੋਈ ਵੀ ਨੁਮਾਇੰਦਾ ਫ਼ਸਲ ਦੀ ਬੋਲੀ ਕਰਨ ਨਹੀਂ ਆਇਆ।
ਇਸ ਕਰਕੇ ਉਹ ਚਾਰ ਦਿਨ ਤੋਂ ਮੰਡੀ 'ਚ ਬੈਠੇ ਬੋਲੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰਫਿਊ ਲੱਗਾ ਹੋਣ ਕਰਕੇ ਮੰਡੀ 'ਚ ਨਾ ਤਾਂ ਖਾਣ-ਪੀਣ ਦਾ ਪ੍ਰਬੰਧ ਹੈ ਤੇ ਨਾ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੰਡੀ 'ਚ ਰੋਟੀ ਵਗੈਰਾ ਲਿਆ ਸਕਦੇ ਹਨ, ਕਿਉਂਕਿ ਥਾਂ-ਥਾਂ 'ਤੇ ਪੁਲਿਸ ਤਾਇਨਾਤ ਹੈ। ਇਸ ਕਰਕੇ ਉਹ ਪਾਣੀ ਪੀ ਕੇ ਦਿਨ ਕੱਟ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਾਂ ਤਾਂ ਉਨ੍ਹਾਂ ਦੀ ਫ਼ਸਲ ਖਰੀਦੀ ਜਾਵੇ ਨਹੀਂ ਤਾਂ ਉਹ ਕਣਕ ਜ਼ਰੂਰਤਮੰਦਾਂ ਨੂੰ ਦੇ ਦੇਣਗੇ ਤੇ ਅੱਗੇ ਤੋਂ ਖੇਤੀ ਨਹੀਂ ਕਰਨਗੇ।
ਉਥੇ ਹੀ ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ ਨੇ ਕਿਹਾ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਕਾਰਨ ਪ੍ਰਬੰਧ ਕਰਨ 'ਚ ਦੇਰੀ ਹੋਈ ਹੈ ਤੇ ਜਲਦੀ ਹੀ ਸਮੱਸਿਆ ਦਾ ਹੱਲ ਕਰਕੇ ਖਰੀਦ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।