ਸ੍ਰੀ ਫ਼ਤਿਹਗੜ੍ਹ ਸਾਹਿਬ: ਚਮਕੌਰ ਸਾਹਿਬ ਸਬ-ਡਵੀਜ਼ਨ ਦੇ ਪਿੰਡ ਕੰਧੋਲਾ ਵਿੱਚ ਕਰਜ਼ੇ ਤੋਂ ਪਰੇਸ਼ਾਨ ਬਜ਼ੁਰਗ ਕਿਸਾਨ ਵੱਲੋਂ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਸਾਨ ਨੂੰ ਲੋਕਾਂ ਨੇ ਨਹਿਰ 'ਚੋਂ ਕੱਢ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖ਼ਲ ਕਰਵਾਇਆ।
ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਹਰਨੇਕ ਸਿੰਘ (60) ਵਾਸੀ ਕੰਧੋਲਾ ਨੇ ਦੱਸਿਆ ਕਿ ਉਸ ਕੋਲ 3 ਏਕੜ ਜ਼ਮੀਨ ਹੈ ਅਤੇ ਉਸ ਦੇ ਸਿਰ 20 ਲੱਖ ਦਾ ਕਰਜ਼ਾ ਹੈ, ਜਿਸ ਕਰਕੇ ਉਹ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਸ਼ੁੱਕਰਵਾਰ ਨੂੰ ਤੜਕੇ ਕਰੀਬ 4 ਵਜੇ ਉਹ ਬਿਨ੍ਹਾਂ ਕਿਸੇ ਨੂੰ ਦੱਸੇ ਸਾਈਕਲ 'ਤੇ ਗਿਆ ਅਤੇ ਪਿੰਡ ਰਾਮਗੜ੍ਹ ਨੇੜਿਓਂ ਲੰਘਦੀ ਭਾਖੜਾ ਨਹਿਰ ਕਿਨਾਰੇ ਸਾਈਕਲ ਖੜ੍ਹਾ ਕੇ ਅਤੇ ਸਾਰੇ ਕੱਪੜੇ ਨਹਿਰ 'ਚ ਸੁੱਟਕੇ ਨਹਿਰ 'ਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ: ਪੀਐੱਨਬੀ ਘੋਟਾਲਾ : ਸੁਰਪੀਮ ਕੋਰਟ ਨੇ ਬੈਂਕ ਦੇ ਸਾਬਕਾ ਐੱਮਡੀ ਦੀ ਜਾਇਦਾਦ ਦੀ ਕੁਰਕੀ ਤੋਂ ਕੀਤੀ ਮਨਾਹੀ
ਐਂਬੂਲੈਂਸ 108 ਦੇ ਪਾਇਲਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕਰਵਾਰ ਸਵੇਰੇ ਕਰੀਬ 8:30 ਵਜੇ ਫੋਨ ਆਇਆ ਸੀ ਕਿ ਨਹਿਰ 'ਚ ਇੱਕ ਜਿਓਂਦਾ ਵਿਅਕਤੀ ਤੈਰਦਾ ਆ ਰਿਹਾ ਹੈ ਜਿਸ 'ਤੇ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਈਐੱਮਟੀ ਵਿਪਨ ਕੁਮਾਰ ਅਤੇ ਲੋਕਾਂ ਦੀ ਮਦਦ ਨਾਲ ਸਟੈਕਚਰ ਦੀ ਸਹਾਇਤ ਨਾਲ ਪਿੰਡ ਨੌਗਾਵਾਂ ਨੇੜਿਓਂ ਲੰਘਦੀ ਨਹਿਰ 'ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।