ਸ੍ਰੀ ਫ਼ਤਿਹਗੜ੍ਹ ਸਾਹਿਬ: ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਹਨ, ਉੱਥੇ ਹੀ ਮਹਿੰਗਾਈ ਨੇ ਆਮ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਸਬਜ਼ੀਆਂ ਦੀਆਂ ਕੀਮਤਾਂ ਵੱਧਣ ਨਾਲ ਲੋਕ ਬੇਹਦ ਪਰੇਸ਼ਾਨ ਹਨ।
ਸਬਜ਼ੀ ਵਿਕਰੇਤਾ ਦਾ ਕਹਿਣਾ ਹੈ ਕਿ ਲੋਕਲ ਸਬਜ਼ੀ ਨਾ ਮਿਲਣ ਕਰਕੇ ਉਨ੍ਹਾਂ ਨੂੰ ਗੁਆਂਢੀ ਸੂਬੇ ਹਿਮਾਚਲ ਤੋਂ ਸਬਜ਼ੀਆਂ ਖਰੀਦਣੀਆਂ ਪੈ ਰਹੀਆਂ ਹਨ ਜਿਸ ਕਰਕੇ ਸਬਜ਼ੀਆਂ ਦੀ ਕੀਮਤਾਂ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਟਮਾਟਰ, ਗੋਭੀ, ਮਟਰ ਤੇ ਸ਼ਿਮਲਾ ਮਿਰਚ ਸਮੇਤ ਹੋਰ ਵੀ ਕਈ ਸਬਜ਼ੀਆਂ ਦੂਜੇ ਸੂਬਿਆਂ ਤੋਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦੇ ਮਹਿੰਗੇ ਮਿਲਣ ਦਾ ਦੂਜਾ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਸਬਜ਼ੀਆਂ ਸਿੱਧੀਆਂ ਕਿਸਾਨਾਂ ਤੋਂ ਨਹੀਂ ਆੜਤੀਆਂ ਤੋਂ ਮਿਲਦੀਆਂ ਹਨ ਜਿਸ ਕਾਰਨ ਵੀ ਸਬਜ਼ੀਆਂ ਮਹਿੰਗੀਆਂ ਮਿਲ ਰਹੀਆਂ ਹਨ।
ਉਧਰ ਹੀ ਕਿਸਾਨ ਵਿਕਰੇਤਾ ਨੇ ਕਿਹਾ ਕਿ ਸਬਜ਼ੀਆਂ ਦੀ ਵੱਧ ਪੈਦਾਵਾਰ ਨਾ ਹੋਣ ਕਾਰਨ ਉਹ ਆਪਣੀਆਂ ਸਬਜ਼ੀਆਂ ਨੂੰ ਖੁਦ ਮੰਡੀਆਂ ਵਿੱਚ ਵੇਚ ਰਹੇ ਹਨ ਪਰ ਉਹ ਸਬਜ਼ੀਆਂ ਨੂੰ ਉਸੇ ਦਾਮ ਉੱਤੇ ਹੀ ਵੇਚ ਰਹੇ ਹਨ ਜਿਹੜੇ ਦਾਮ ਪਹਿਲਾਂ ਤੋਂ ਨਿਧਾਰਿਤ ਹਨ। ਕਿਸੇ ਵੀ ਸਬਜ਼ੀ ਦੇ ਦਾਮ ਵਿੱਚ ਉਨ੍ਹਾਂ ਨੇ ਕੋਈ ਵਾਧਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿਰਫ਼ ਰੇਹੜੀ-ਫੜੀ ਵਾਲਿਆਂ ਤੋਂ ਸਬਜ਼ੀ ਮਹਿੰਗੀ ਮਿਲ ਰਹੀ ਹੈ, ਕਿਉਂਕਿ ਉਹ ਸਾਰੀ ਸਬਜ਼ੀ ਦੂਜੇ ਸੂਬਿਆਂ ਤੋਂ ਲਿਆਂਉਦੇ ਹਨ, ਸਬਜ਼ੀ ਮਹਿੰਗੀ ਹੋਣ ਦਾ ਇਹ ਵੀ ਇੱਕ ਵੱਡਾ ਕਾਰਨ ਹੈ।
ਗ੍ਰਾਹਕਾਂ ਨੇ ਕਿਹਾ ਕਿ ਇੱਕ ਪਾਸੇ ਕੋਰੋਨਾ ਨੇ ਉਨ੍ਹਾਂ ਦੇ ਵੱਟ ਕੱਢੇ ਹੋਏ ਹਨ ਤੇ ਦੂਜੇ ਪਾਸੇ ਮਹਿੰਗਾਈ ਨੇ। ਉਨ੍ਹਾਂ ਨੇ ਕਿਹਾ ਕਿ ਸਬਜ਼ੀਆਂ ਦੇ ਮਹਿੰਗੇ ਹੋਣ ਨਾਲ ਉਨ੍ਹਾਂ ਦੇ ਘਰ ਦਾ ਬਜਟ ਹੀ ਹਿੱਲ ਗਿਆ ਹੈ ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮਹਿੰਗੀ ਸਬਜ਼ੀਆਂ ਵੱਲ ਧਿਆਨ ਦੇਣ ਤੇ ਇਸ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਇੰਤਜ਼ਾਮ ਕੀਤਾ ਜਾਵੇ।
ਇਹ ਵੀ ਪੜ੍ਹੋ:ਪਿੰਡ ਲੋਪੋਂ 'ਚ 100 ਤੋਂ ਵੱਧ ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਪੱਲਾ