ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾਵਾਇਰਸ ਵਰਗੀ ਮਹਾਮਾਰੀ ਤੋਂ ਬਚਣ ਲਈ ਪੂਰਾ ਵਿਸ਼ਵ ਲੜ ਰਿਹਾ ਹੈ ਤੇ ਜਿਸ ਲਈ ਕਈ ਉਪਰਾਲੇ ਵੀ ਕੀਤੇ ਜਾ ਰਹੇ ਹਨ। ਉੱਥੇ ਹੀ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨਾਂ ਨੂੰ 73 ਲੱਖ ਰੁਪਏ ਜਾਰੀ ਕੀਤੇ ਹਨ।
ਦੱਸ ਦਈਏ, ਕੋਵਿਡ-19 ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਤੇ ਲੁਧਿਆਣਾ ਵੱਲੋਂ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੇ ਮੈਂਬਰ ਡਾ. ਅਮਰ ਸਿੰਘ ਨੂੰ ਕੁਝ ਜ਼ਰੂਰੀ ਮੈਡੀਕਲ ਉਪਕਰਨ ਖਰੀਦਣ ਵਾਸਤੇ ਵਿੱਤੀ ਇਮਦਾਦ ਦੀ ਬੇਨਤੀ ਕੀਤੀ ਗਈ ਸੀ। ਇਸ ਨੂੰ ਤੁਰੰਤ ਸਵੀਕਾਰ ਕਰਦਿਆਂ ਡਾ. ਅਮਰ ਸਿੰਘ ਨੇ ਦੋਹਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਤੁਰੰਤ 72 ਲੱਖ 98 ਹਜ਼ਾਰ 500 ਰੁਪਏ ਦੇ ਫੰਡ ਜਾਰੀ ਕਰਨ ਦੀ ਹਦਾਇਤ ਕੀਤੀ ਹੈ।
ਡਾ. ਅਮਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਥਿਤੀ ਨਾਲ ਨਿਪਟਣ ਲਈ ਸਿਵਲ ਸਰਜਨ ਲੁਧਿਆਣਾ ਨੇ 34 ਲੱਖ, 98 ਹਜ਼ਾਰ 500 ਰੁਪਏ ਤੇ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਨੇ 38 ਲੱਖ ਰੁਪਏ ਦੇ ਫੰਡਾਂ ਦੀ ਮੰਗ ਕੀਤੀ ਸੀ।
ਇਨ੍ਹਾਂ ਫੰਡਾਂ ਨਾਲ ਵੈਂਟੀਲੇਟਰ, ਐਂਬੂਲੈਂਸ, ਇਨਫਰਾਰੈੱਡ ਥਰਮਾਮੀਟਰ, ਪੀ. ਪੀ. ਈ. ਕਿੱਟਾਂ, ਤਿੰਨ ਪਰਤਾਂ ਵਾਲੇ ਮਾਸਕ, ਲੇਟੈੱਕਸ ਦਸਤਾਨੇ, ਸੈਨੀਟਾਈਜ਼ਰ, ਪੋਰਟੇਬਲ ਐਕਸਰੇਅ ਮਸ਼ੀਨ, ਆਕਸੀਜਨ ਸਿਲੰਡਰ ਸਮੇਤ ਰੈਗੂਲੇਟਰ ਅਤੇ ਸਿਹਤ ਸਹੂਲਤਾਂ ਲਈ ਲੋੜੀਂਦਾ ਹੋਰ ਸਮਾਨ ਖਰੀਦਿਆ ਜਾਵੇਗਾ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਡਾ. ਅਮਰ ਸਿੰਘ ਨੇ ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਤੋਂ ਬਚਾਅ ਲਈ ਜ਼ਰੂਰੀ ਰਾਹਤ ਕਾਰਜਾਂ ਨੂੰ ਜਾਰੀ ਰੱਖਣ ਲਈ ਆਪਣੇ ਐੱਮ. ਪੀ. ਲੈਡ ਫੰਡਾਂ ਨੂੰ ਵਰਤਣ ਦੇ ਅਖ਼ਤਿਆਰ ਦਿੱਤੇ ਸਨ। ਇਸ ਤੋਂ ਉਤਸ਼ਾਹਿਤ ਹੋ ਕੇ ਸਿਹਤ ਵਿਭਾਗ ਵੱਲੋਂ ਲੋਕ ਸਭਾ ਮੈਂਬਰ ਤੋਂ ਸਿਹਤ ਸਹੂਲਤਾਂ ਨਾਲ ਸਬੰਧਤ ਮਸ਼ੀਨੀ ਉਪਕਰਨਾਂ ਦੀ ਮੰਗ ਕੀਤੀ ਸੀ, ਜੋ ਕਿ ਤੁਰੰਤ ਪੂਰੀ ਕਰ ਦਿੱਤੀ ਗਈ ਹੈ।