ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਤਰਖਾਣ ਮਾਜਰਾ ਅਤੇ ਜੱਲ੍ਹਾ ਵਿਖੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਰਖਾਣ ਵਾਲਾ ਵਿਖੇ ਮੁਲਜ਼ਮ ਵਿਅਕਤੀ ਲਗਭਗ 11 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਪਹੁੰਚਿਆ ਜਿਥੇ ਉਸ ਨੇ ਸੇਵਾਦਾਰ ਨੂੰ ਕਿਹਾ ਕਿ ਉਹ ਦਰਬਾਰ ਸਾਹਿਬ 'ਚ ਮੱਥਾ ਟੇਕਣਾ ਚਾਹੁੰਦਾ ਹੈ। ਜਦੋਂ ਦਰਸ਼ਨਾਂ ਲਈ ਦਰਬਾਰ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਸ ਨੇ ਅੰਦਰ ਜਾਂਦੇ ਸਾਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਫਾੜ ਕੇ ਬੇਅਦਬੀ ਕੀਤੀ।
ਇਸ ਦੌਰਾਨ ਫ਼ਤਿਹਗੜ੍ਹ ਸਾਹਿਬ ਦੇ ਐਸਪੀ ਜਗਜੀਤ ਜੱਲ੍ਹਾ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਦੱਸਿਆ ਕਿ ਬੇਅਦਬੀ ਕਰਨ ਵਾਲੇ ਨੂੰ ਮੌਕੇ 'ਤੇ ਫੜ ਲਿਆ ਗਿਆ ਹੈ ਤੇ ਪਰਚਾ ਦਰਜ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ 19 ਸਾਲਾ ਸਹਿਜਵੀਰ ਵਜੋਂ ਹੋਈ ਹੈ ਜੋ ਨਾਭਾ ਦਾ ਰਹਿਣ ਵਾਲਾ ਹੈ। ਮੁਲਜ਼ਮ ਦੀ ਨਿੱਜੀ ਜਾਣਕਾਰੀ ਪਤਾ ਕਰਨ 'ਤੇ ਪਟਿਆਲਾ ਦੇ ਇੱਕ ਹਸਪਤਾਲ ਤੋਂ ਪਤਾ ਲੱਗਿਆ ਕਿ ਉਸ ਦਾ ਪਿਛਲੇ ਇੱਕ ਸਾਲ ਤੋਂ ਨਸ਼ਾ ਛਡਾਉਣ ਦਾ ਇਲਾਜ ਚੱਲ ਰਿਹਾ ਸੀ।
ਤਰਖਾਣ ਮਾਜਰਾ ਵਿਖੇ ਵਾਪਰੀ ਘਟਨਾ ਤੋਂ ਬਾਅਦ ਕਾਬੂ ਕੀਤੇ ਮੁਲਜ਼ਮ ਨੇ ਖ਼ੁਦ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਸਵੇਰੇ ਜ਼ਿਲ੍ਹੇ ਦੇ ਹੀ ਪਿੰਡ ਜੱਲ੍ਹਾ ਵਿਖੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇ ਕੇ ਆਇਆ ਹੈ।
ਗੁਰਦੁਆਰਾ ਸਾਹਿਬ ਦੇ ਸੇਵਾਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਸੀ ਤੇ ਦਰਬਾਰ ਸਾਹਿਬ ਨੂੰ ਜਿੰਦਾ ਲਗਾ ਹੋਇਆ ਸੀ, ਇਸ ਮੌਕੇ ਇੱਕ ਵਿਅਕਤੀ ਆਇਆ ਤੇ ਕਹਿਣ ਲਗਾ ਕਿ ਮੱਥਾ ਟੇਕਣਾ ਹੈ ਤੇ ਅਸੀਂ ਜਿੰਦਾ ਖੋਲ੍ਹ ਦਿੱਤਾ। ਉਸ ਨੇ ਅੰਦਰ ਜਾਂਦੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜ ਦਿੱਤੇ ਤੇ ਉਥੋ ਭੱਜਣ ਲੱਗਾ ਜਿਸ ਨੂੰ ਮੌਕੇ 'ਤੇ ਫੜ੍ਹ ਲਿਆ ਗਿਆ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।