ਫਤਹਿਗੜ੍ਹ ਸਾਹਿਬ :ਕੋਰੋਨਾ ਮਹਾਮਾਰੀ ਕਾਰਨ ਲੱਗੇ ਮਿੰਨੀ ਲੌਕਡਾਊਨ ਦੇ ਕਾਰਨ ਉਦਯੋਗਾਂ ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲ ਲੱਗੇ ਲੌਕਡਾਊਨ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਨੂੰ ਦੇਖਦੇ ਹੋਏ ਪੰਜਾਬ ਵਿੱਚ ਦੁਕਾਨਾਂ ਵੀ ਬੰਦ ਰਹੀਆਂ ਪਰ ਉਨ੍ਹਾਂ ਦੇ ਬਿਜਲੀ ਦੇ ਬਿੱਲਾਂ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ । ਕੋਰੋਨਾ ਦੀ ਦੂਜੀ ਵੇਬ ਦੌਰਾਨ ਲੱਗੇ ਲੌਕਡਾਊਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਲਖਬੀਰ ਸਿੰਘ ਰਾਏ ਵਲੋਂ ਲੌਕਡਾਊਨ ਦੌਰਾਨ ਬੰਦ ਪਈਆਂ ਦੁਕਾਨਾਂ ਦਾ ਬਿੱਲ ਮੁਆਫ ਕਰਨ ਅਤੇ ਮਜ਼ਦੂਰ ਵਰਗ ਦੀ ਆਰਥਿਕ ਮੱਦਦ ਕਰਨ ਲਈ ਸੂਬਾ ਸਰਕਾਰ ਦੇ ਨਾਮ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਜਿਲਾ ਪ੍ਰਧਾਨ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲ ਤੋਂ ਦੇਸ਼ ਵਿੱਚ ਇੱਕ ਤਰ੍ਹਾਂ ਨਾਲ ਤਾਲਾਬੰਦੀ ਦਾ ਮਹੌਲ ਸੀ, ਜਿਸ ਕਾਰਨ ਵਪਾਰੀਆਂ, ਛੋਟੇ ਦੁਕਾਨਦਾਰਾਂ ਸਮੇਤ ਸਾਰੇ ਵਰਗਾਂ ਨੂੰ ਭਾਰੀ ਘਾਟਾ ਭੁਗਤਣਾ ਪਿਆ ਹੈ। ਸਰਕਾਰ ਵਲੋਂ ਮਹਿੰਗਾਈ ਅਤੇ ਮੰਦੀ ਦੇ ਦੌਰ ਵਿੱਚ ਵਪਾਰੀ ਵਰਗ ਨੂੰ ਕੋਈ ਰਾਹਤ ਨਹੀ ਦਿੱਤੀ ਗਈ। ਜਿਸ ਕਾਰਨ ਕਰਜ਼ਿਆਂ, ਵਿਆਜ਼ ਅਤੇ ਟੈਕਸ ਨਾਲ ਜੁੜੇ ਹੋਰ ਖਰਚਿਆਂ ਕਾਰਨ ਵਪਾਰੀ ਵਰਗ ਡੂੰਘੇ ਸੰਕਟ ਵਿੱਚ ਹੈ।