ਫ਼ਤਿਹਗੜ੍ਹ ਸਾਹਿਬ: ਪੰਜਾਬ ਵਿੱਚ ਗਰਮੀ ਦੇ ਨਾਲ-ਨਾਲ ਸਿਆਸੀ ਪਾਰਾ ਵੀ ਸਿਖਰਾਂ 'ਤੇ ਹੈ। ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਇੱਕ ਦੂਜੇ 'ਤੇ ਸ਼ਬਦੀ ਵਾਰ ਵੀ ਕੀਤੇ ਜਾ ਰਹੇ ਹਨ। ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਹਲਕਾ ਅਮਲੋਹ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸੀ ਜੋ ਉਹ ਪੂਰੇ ਨਹੀਂ ਕਰ ਸਕੇ, ਜਿਸ ਕਾਰਨ ਲੋਕ ਕਾਂਗਰਸ ਤੋਂ ਦੁਖੀ ਹਨ ਤੇ ਅਕਾਲੀ ਦਲ ਨੂੰ ਵੋਟ ਪਾਉਂਣਗੇ।
ਦਰਬਾਰਾ ਸਿੰਘ ਗੁਰੂ ਤੋਂ ਨਕੋਦਰ ਗੋਲੀ ਕਾਂਡ ਦੇ ਬਾਰੇ ਸਵਾਲ ਪੁਛੇ ਜਾਣ 'ਤੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ, ਤੇ ਕਿਹਾ ਕਿ ਉਹ ਉਸ ਵੇਲੇ ਡੀਸੀ ਪਦ 'ਤੇ ਤੈਨਾਤ ਸਨ ਅਤੇ ਇੱਕ ਨਾਕੇ ਤੋਂ ਗੋਲੀ ਚੱਲਣ ਦੀ ਅਵਾਜ਼ ਆਈ ਸੀ ਜਿਸਦਾ ਜਾਇਜ਼ਾ ਲੈਣ ਦੇ ਲਈ ਉਹ ਮੌਕੇ 'ਤੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਦਾ ਕਮਿਸ਼ਨ ਬਣਾਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਗੋਲੀ ਦਾ ਹੁਕਮ ਮੌਕੇ ਦੇ ਐੱਸਪੀ ਅਪਰੇਸ਼ਨ ਨੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਘਟਨਾ ਨੂੰ 32 ਸਾਲ ਹੋ ਗਏ ਹਨ, ਤੇ ਕਦੇ ਇਹ ਘਟਨਾ ਮੁੱਦਾ ਨਹੀਂ ਬਣੀ, ਪਰ ਜਦੋਂ ਉਨ੍ਹਾਂ ਨੂੰ ਲੋਕ ਸਭਾ ਦੀ ਟਿਕਟ ਮਿਲੀ ਤਾਂ ਹੁਣ ਇਸ ਘਟਨਾ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਦਰਬਾਰਾ ਸਿੰਘ ਗੁਰੂ ਨੇ ਬਰਗਾੜੀ ਕਾਂਡ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ 'ਤੇ ਗੋਲੀ ਕਾਂਡ ਅਤੇ ਬੇਅਦਬੀ ਕਾਂਡ ਦਾ ਕੋਈ ਵੀ ਅਸਰ ਨਹੀਂ ਪਵੇਗਾ। ਉਹਨਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਮੰਦਭਾਗੀਆਂ ਹਨ, ਪਰ ਇਹ ਨਾ ਅਕਾਲੀ ਦਲ ਨੇ ਕਰਵਾਇਆਂ 'ਤੇ ਨਾ ਅਕਾਲੀ ਦਲ ਕਹਿੰਦਾ ਹੈ ਕਿ ਇਸਦੀ ਜ਼ਿਮੇਵਾਰ ਕਾਂਗਰਸ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਬੇਅਦਬੀ ਦੇ 29 ਕੇਸ ਹੱਲ ਕੀਤੇ ਗਏ।
ਗੁਰੂ ਨੇ ਕਿਹਾ ਕਿ ਸਭ ਤੋਂ ਵੱਡੀ ਬੇਅਦਬੀ ਤਾਂ ਕਾਂਗਰਸ ਸਰਕਾਰ ਨੇ ਕੀਤੀ ਹੈ ਜੋ ਦਰਬਾਰ ਸਾਹਿਬ 'ਤੇ ਗੋਲ਼ੀਆਂ ਚਲਾਈਆਂ ਅਤੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜਕੇ ਜੋ ਝੂਠੀ ਸੋਂਹ ਖਾਦੀ ਸੀ ਉਹ ਵੀ ਬੇਅਦਬੀ ਸੀ।