ਸ੍ਰੀ ਫ਼ਤਿਹਗੜ੍ਹ ਸਾਹਿਬ: ਨੈਸ਼ਨਲ ਬਾਡੀ ਬਿਲਡਰ, ਕਬੱਡੀ ਖਿਡਾਰੀ ਤੇ ਮਾਡਲ ਸਤਨਾਮ ਖੱਟੜਾ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ। 31 ਸਾਲਾ ਸਤਨਾਮ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਸਤਨਾਮ ਖੱਟੜਾ ਦੇ ਦਿਹਾਂਤ ਮਗਰੋਂ ਸਾਰੇ ਪਿੰਡ ਤੇ ਖੇਡ ਜਗਤ ਤੇ ਨੌਜਵਾਨਾਂ 'ਚ ਸੋਗ ਦੀ ਲਹਿਰ ਛਾ ਗਈ ਹੈ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਭੱਲਮਾਜਰਾ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਖਿਡਾਰੀ ਸਤਨਾਮ ਖੱਟੜਾ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਖਿਡਾਰੀ, ਇਲਾਕੇ ਦੇ ਲੋਕਾਂ ਸਣੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਸਤਨਾਮ ਇੱਕ ਚੰਗਾ ਕਬੱਡੀ ਖਿਡਾਰੀ ਸੀ ਅਤੇ ਉਸ ਨੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਅਤੇ ਵੱਖ-ਵੱਖ ਥਾਵਾਂ 'ਤੇ ਜਿੰਮ ਸੈਂਟਰ ਬਣਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ।
ਸਤਨਾਮ ਖੱਟੜਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਚਾਚਾ ਡਾ. ਕੁਲਦੀਪ ਖੱਟੜਾ ਨੇ ਦੱਸਿਆ ਕਿ ਸਤਨਾਮ ਖੱਟੜਾ ਨੂੰ ਸਵੇਰੇ 3 ਵਜੇ ਦੇ ਕਰੀਬ ਅਚਾਨਕ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਜਿਸ ਨੂੰ ਇਲਾਜ ਲਈ ਲੈ ਜਾਂਦੇ ਸਮੇਂ ਰਾਹ ਵਿੱਚ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਤਨਾਮ ਨੇ ਪਿੰਡ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕੌਮਾਂਤਰੀ ਪਧੱਰ 'ਚ ਕਬੱਡੀ ਖੇਡ ਆਪਣਾ ਖੂਬ ਨਾਂਅ ਰੋਸ਼ਨ ਕੀਤਾ ਸੀ।
ਇਸ ਮੌਕੇ 'ਤੇ ਸਤਨਾਮ ਖੱਟੜਾ ਦੇ ਦੋਸਤ ਬਾਡੀ ਬਿਲਡਰ ਅਰਜੁਨ ਨੇ ਕਿਹਾ ਕਿ ਸਤਨਾਮ ਖੱਟੜਾ ਦੀ ਅਚਾਨਕ ਮੌਤ ਹੋਣ ਨਾਲ ਪੰਜਾਬ ਨੂੰ ਨਹੀਂ ਪੂਰੇ ਭਾਰਤ ਨੂੰ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਵੇਖ ਕੇ ਹੀ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਛੱਡ ਕੇ ਜਿੰਮ ਜੁਆਇਨ ਕਰਨ ਲੱਗ ਪਈ ਸੀ।