ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਵਿਡ-19 ਵੈਕਸੀਨ ਦਾ ਲੰਮੇ ਸਮੇਂ ਤੋਂ ਇੰਤਜਾਰ ਕੀਤਾ ਜਾ ਰਿਹਾ ਸੀ, ਪ੍ਰੰਤੂ ਹੁਣ ਜਦੋਂ ਇਸ ਦੀ ਵੈਕਸੀਨ ਆ ਚੁੱਕੀ ਹੈ ਤਾਂ ਲੋਕ ਕੋਰੋਨਾ ਦਾ ਟੀਕਾ ਲਵਾਉਣ ਤੋਂ ਡਰ ਰਹੇ ਨੇ। ਕੋਰੋਨਾ ਦੀ ਵੈਕਸੀਨ ਸਬੰਧੀ ਬਹੁਤ ਸਾਰੀਆਂ ਅਫ਼ਵਾਹਾਂ ਫੈਲ ਰਹੀਆਂ ਹਨ। ਉਸ ਸਬੰਧੀ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਜੇਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਤੋਂ ਬਚਣ।
ਉਨ੍ਹਾਂ ਕਿਹਾ ਹੈ ਕਿ ਅਫ਼ਵਾਹਾਂ ਕਾਰਨ ਸਿਹਤ ਵਿਭਾਗ ਦਾ ਟਾਰਗੇਟ ਪੂਰਾ ਨਹੀਂ ਹੋ ਰਿਹਾ ਲੋਕ ਟੀਕਾ ਲਵਾਉਣ ਤੋਂ ਡਰ ਰਹੇ ਹਨ। ਸਿਹਤ ਵਿਭਾਗ ਵੱਲੋਂ ਅਪੀਲ ਕੀਤੀ ਗਈ ਹੈ ਕਿ ਕੋਵਿਡ-19 ਦਾ ਟੀਕਾ ਸਾਡੀ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਲਾਇਆ ਜਾ ਰਿਹਾ ਹੈ, ਇਸ ਲਈ ਸਾਨੂੰ ਆਪਣੀ ਵਾਰੀ ਅਨੁਸਾਰ ਟੀਕਾ ਲਵਾਉਣਾ ਚਾਹੀਦਾ ਹੈ।
ਹੁਣ ਤੱਕ ਇੰਨੇ ਲੋਕਾਂ ਦੇ ਲੱਗ ਚੁੱਕੇ ਹਨ ਟੀਕੇ ?
ਜਾਣਕਾਰੀ ਦਿੰਦੇ ਹੋਏ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤਕ 456 ਸਿਹਤ ਕਰਮੀਆਂ ਨੂੰ ਟੀਕੇ ਲੱਗ ਚੁੱਕੇ ਹਨ, ਜਿਹਨਾਂ ਵਿੱਚ ਉਹ ਖੁਦ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਿਵਲ ਹਸਪਤਾਲ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ 170, ਮੰਡੀ ਗੋਬਿੰਦਗੜ੍ਹ ਵਿਖੇ 116, ਬੱਸੀ ਪਠਾਣਾ ਵਿਖੇ 44, ਖਮਾਣੋਂ ਵਿਖੇ 30, ਅਮਲੋਹ ਵਿਖੇ 12, ਖੇੜਾ ਵਿਖੇ 17, ਚਨਾਰਥਲ ਕਲਾਂ ਵਿਖੇ 22, ਇੰਡਸ ਹਸਪਤਾਲ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ 17 ਅਤੇ ਦੇਸ਼ ਭਗਤ ਹਸਪਤਾਲ ਵਿਖੇ 28 ਸਿਹਤ ਕਰਮੀਆਂ ਨੂੰ ਟੀਕੇ ਲੱਗ ਚੁੱਕੇ ਹਨ।