ਸ੍ਰੀ ਫਤਹਿਗੜ੍ਹ ਸਾਹਿਬ : ਪੰਜਾਬ ਵਿੱਚ ਪੈ ਰਹੇ ਤੇਜ਼ ਮੀਂਹ ਕਾਰਨ ਹੜ੍ਹਾ ਵਰਗੇ ਹਾਲਾਤ ਬਣੇ ਹੋਏ ਹਨ। ਕਈ ਥਾਵਾਂ 'ਤੇ ਪਾਣੀ ਭਰਿਆ ਹੋਇਆ ਹੈ। ਇਸੇ ਤਰ੍ਹਾਂ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਬਰਸਾਤ ਦਾ ਪਾਣੀ ਚਾਰ ਤੋਂ ਪੰਜ ਫੁੱਟ ਦੇ ਕਰੀਬ ਜਮਾ ਹੋ ਗਿਆ ਹੈ। ਇਸ ਕਾਰਨ ਸਥਿਤੀ ਹੜ੍ਹਾਂ ਵਾਲੀ ਬਣ ਗਈ ਹੈ। ਜਿੱਥੇ ਇਸ ਪਾਣੀ ਦੇ ਨਾਲ ਲੋਕਾਂ ਨੂੰ ਘਰ ਛੱਡਣੇ ਪੈ ਰਹੇ ਹਨ ਉਥੇ ਹੀ ਫਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਕਈ ਥਾਵਾਂ ਉੱਤੇ ਬਰਸਾਤ ਦੇ ਪਾਣੀ ਵਿੱਚ ਲੋਕਾਂ ਦੇ ਰੁੜ੍ਹ ਜਾਣ ਦੀਆਂ ਵੀ ਖਬਰਾਂ ਆ ਰਹੀਆਂ ਹਨ। ਇਸੇ ਤਰਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਫਤਿਹਗੜ੍ਹ ਸਾਹਿਬ ਦੇ ਸਰਹਿੰਦ ਤੋਂ ਜਿਥੇ ਪਿਛਲੀ ਰਾਤ ਵਿਸ਼ਵਕਰਮਾ ਕਲੋਨੀ ਵਿੱਚ ਇੱਕ 17 ਸਾਲਾਂ ਲੜਕੇ ਦੇ ਹੜ੍ਹ ਦੇ ਪਾਣੀ ਵਿੱਚ ਅਚਾਨਕ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ।
ਪਾਣੀ ਦੇਖਣ ਗਿਆ ਸੀ ਲੜਕਾ : ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਐੱਸਡੀਐੱਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੀਤੀ ਰਾਤ ਇੱਕ ਲੜਕਾ ਅਚਾਨਕ ਲਾਪਤਾ ਹੋ ਗਿਆ ਹੈ, ਜਿਸਦਾ ਨਾਮ ਗੁੱਡੂ ਰਾਮ ਹੈ। ਉਹਨਾਂ ਨੇ ਦੱਸਿਆ ਕਿ ਵਿਸ਼ਵਕਰਮਾ ਕਲੋਨੀ ਵਿੱਚ ਰਹਿ ਰਹੇ ਨਿਵਾਸੀ ਰੁਲਦੂ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁੱਡੂ ਦੂਸਰੇ ਲੜਕੇ ਦੇ ਨਾਲ ਪਾਣੀ ਵਿੱਚ ਉਤੱਰਿਆ ਸੀ, ਦੂਸਰੇ ਲੜਕੇ ਦੇ ਬਿਆਨ ਅਨੁਸਾਰ ਗੁੱਡੂ ਜੋ ਪਾਣੀ ਵਿੱਚ ਲਾਪਤਾ ਹੋ ਗਿਆ ਹੈ ਅਤੇ ਬਾਹਰ ਨਹੀਂ ਨਿਕਲਿਆ।
ਬਿਨਾਂ ਕੰਮ ਤੋਂ ਬਾਹਰ ਆਉਣ ਤੋਂ ਕਰੋ ਗੁਰੇਜ਼ : ਐੱਸਡੀਐੱਮ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਲਾਪਤਾ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ। ਐਸ.ਡੀ.ਐਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੰਮ ਤੋਂ ਬਿਨਾਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ। ਉਥੇ ਹੀ ਲਾਪਤਾ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਬੱਚਾ ਆਪਣੇ ਦੋਸਤ ਨਾਲ ਘਰ ਆ ਰਿਹਾ ਸੀ ਕਿ ਉਹ ਪਾਣੀ ਦੇ ਵਿੱਚ ਫਸ ਗਿਆ। ਇਸ ਤੋਂ ਬਾਅਦ ਹੀ ਉਹ ਲਾਪਤਾ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਚੇ ਦੀ ਭਾਲ ਕੀਤੀ ਜਾਵੇ।