ਸ੍ਰੀ ਫ਼ਤਿਹਗੜ੍ਹ ਸਾਹਿਬ: ਇੱਥੋਂ ਦੇ ਪਿੰਡ ਤਰਖਾਣ ਮਾਜਰਾ ਅਤੇ ਜੱਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਕਥਿਤ ਦੋਸ਼ੀਆਂ ਦੀ ਅੱਜ ਮੁੜ ਤੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਈ ਹੈ। ਇਸ ਪੇਸ਼ੀ ਵਿੱਚ ਪੁਲਿਸ ਨੂੰ ਮਾਣਯੋਗ ਅਦਾਲਤ ਵੱਲੋਂ 5 ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਕੀਲ ਹਰਸ਼ਵਿੰਦਰ ਸਿੰਘ ਚੀਮਾ ਅਤੇ ਵਕੀਲ ਇੰਦਰਜੀਤ ਸਿੰਘ ਸਾਊ ਅਦਾਲਤ ਵਿੱਚ ਗ੍ਰੰਥੀ ਸਿੰਘਾਂ ਵੱਲੋਂ ਕੋਰਟ ਵਿੱਚ ਪੇਸ਼ ਹੋਏ।
ਵਕੀਲ ਹਰਸ਼ਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਅੱਜ ਦੋਸ਼ੀ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਜ਼ਿਲ੍ਹਾ ਕੋਰਟ ਵਿੱਚ ਪੇਸ਼ੀ ਹੋਈ ਹੈ ਜਿਸ ਵਿੱਚ ਪੁਲਿਸ ਨੇ ਤਫਤੀਸ਼ ਨੂੰ ਲੈ ਕੇ ਰਿਮਾਂਡ ਦੀ ਮੰਗ ਕੀਤੀ ਤੇ ਉੁਨ੍ਹਾਂ ਨੇ ਵੀ ਇਸ ਮਾਮਲੇ ਉੱਤੇ ਕੋਰਟ ਨੂੰ ਅਪੀਲ ਕੀਤੀ ਕਿ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਇਕ ਵੀ ਬੰਦਾ ਇਸ ਕੇਸ ਵਿਚ ਹੋਰ ਨਾਮਜ਼ਦ ਨਹੀਂ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਕੇਸ ਨਾਲ ਸਬੰਧਤ ਤਫ਼ਤੀਸ਼ ਦੀ ਕੇਸ ਡਾਇਰੀ ਅਤੇ ਤਫਤੀਸ਼ ਨਾਲ ਸਬੰਧਿਤ ਹੋਰ ਰੋਜ਼ਾਨਾ ਜ਼ਮੀਨੀਆਂ ਚੈੱਕ ਕੀਤੀਆਂ ਜਾਣ ਤੇ ਦੇਖਿਆ ਜਾਵੇ ਕਿ ਤਫਤੀਸ਼ ਕਿਵੇਂ ਚੱਲ ਰਹੀ ਹੈ। ਉਨ੍ਹਾਂ ਦੀ ਬੇਨਤੀ ਉੱਤੇ ਮਾਨਯੋਗ ਜੱਜ ਸਹਿਬਾਨ ਵੱਲੋਂ ਕੇਸ ਡਾਇਰੀ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਐਸ.ਪੀ.ਡੀ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਣਯੋਗ ਜੱਜ ਨੂੰ ਅਪੀਲ ਕੀਤੀ ਗਈ ਕਿ ਹਾਲੇ ਹੋਰ ਇਸ ਇਸ ਕਥਿਤ ਦੋਸ਼ੀ ਤੋਂ ਜਾਣਕਾਰੀ ਪ੍ਰਾਪਤ ਕਰਨੀ ਹੈ ਅਤੇ ਕੇਸ ਨਾਲ ਸਬੰਧਤ ਫੋਨ ਰਿਕਵਰ ਕਰਨਾ ਬਾਕੀ ਹੈ ਅਤੇ ਜੋ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਾ ਆਉਣਾ ਅਜੇ ਬਾਕੀ ਹੈ ਇਸ ਲਈ ਪੁਲਿਸ ਰਿਮਾਂਡ ਵਿੱਚ ਹੋਰ ਵਾਧਾ ਕੀਤਾ ਜਾਵੇ।