ਸ੍ਰੀ ਫ਼ਤਿਹਗੜ੍ਹ ਸਾਹਿਬ: ਵਿਆਹ ਵਰਗੇ ਰਿਸ਼ਤਿਆਂ ਦੀ ਆੜ ਵਿੱਚ ਲੁੱਟ ਕਰਨ ਵਾਲਾ ਗਿਰੋਹ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਗਿਰੋਹ ਵਿੱਚ ਬਜ਼ੁਰਗ ਵੀ ਸ਼ਾਮਲ ਸਨ ਤਾਂ ਕਿ ਰਿਸ਼ਤਾ ਕਰਵਾਉਣ ਲੱਗੇ ਮੁੰਡੇ ਵਾਲਿਆਂ ਨੂੰ ਸ਼ੱਕ ਨਾ ਹੋਵੇ। ਵਿਆਹ ਹੋਣ ਪਿਛੋਂ ਫੇਰਾ ਪਾਉਣ ਬਹਾਨੇ ਗਿਰੋਹ ਵਲੋਂ ਕੁੜੀ ਨੂੰ ਵਾਪਸ ਲਿਆਂਦਾ ਜਾਂਦਾ ਸੀ ਤੇ ਮੁੜ ਸਹੁਰੇ ਨਾ ਭੇਜ ਕੇ, ਮੁੰਡੇ ਵਾਲਿਆਂ ਨੂੰ ਝੂਠੇ ਕੇਸ 'ਚ ਫ਼ਸਾਉਣ ਦੀ ਧਮਕੀ ਦੇ ਕੇ ਪੈਸੇ ਠੱਗ ਲਏ ਜਾਂਦੇ ਸਨ।
ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਫ਼ਿਲਮੀ ਸਟਾਇਲ 'ਚ ਵੱਖ-ਵੱਖ ਮੁੰਡਿਆਂ ਨਾਲ ਵਿਆਹ ਕਰ ਕੇ ਉਨ੍ਹਾਂ ਨੂੰ ਲੁੱਟ ਲੈਂਦੇ ਸਨ। ਇਸ ਸਬੰਧ ਵਿੱਚ ਐਸਐਸਪੀ ਫ਼ਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਨੇ ਦੱਸਿਆ ਕਿ ਉਕਤ ਗਿਰੋਹ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ, ਜੋ ਵਿਆਹ ਤੋਂ ਬਾਅਦ ਕੁੜੀ ਨੂੰ ਘਰ ਲੈ ਜਾਣ ਦੇ ਬਹਾਨੇ ਵਾਪਸ ਸੱਦ ਲਿਆ ਕਰਦੇ ਸਨ ਤੇ ਫਿਰ ਮੁੰਡੇ ਵਾਲਿਆਂ ਨੂੰ ਦਹੇਜ ਮੰਗਣ ਜਾਂ ਬਲਾਤਕਾਰ ਮਾਮਲੇ 'ਚ ਫ਼ਸਾਉਣ ਦੀ ਧਮਕੀ ਦੇ ਕੇ ਉਨ੍ਹਾਂ ਕੋਲੋਂ ਪੈਸੇ ਠੱਗ ਲੈਂਦੇ ਸਨ। ਗਿਰੋਹ ਵਲੋਂ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਸੀ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਦੋ ਬਜ਼ੁਰਗ ਵੀ ਸ਼ਾਮਲ ਸਨ ਤਾਂ ਕਿ ਬਜੁਰਗਾਂ ਦੇ ਨਾਲ ਹੋਣ ਨਾਲ ਕਿਸੇ ਨੂੰ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਾ ਰਹੇ। ਇਸ ਗਿਰੋਹ ਵਿੱਚ ਸ਼ਾਮਲ ਕੁੜੀ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਫ਼ਿਲਹਾਲ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।