ਫ਼ਰੀਦਕੋਟ: ਬੀਤੇ ਕਰੀਬ ਢਾਈ ਮਹੀਨਿਆਂ ਤੋਂ ਆਪਣੀ ਸੇਵਾਵਾਂ ਮੁੜ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕਰੋਨਾ ਯੋਧਿਆ ਉਪਰ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ।
ਲਾਠੀਚਾਰਜ ਦੀ ਨਿਖੇਧੀ ਕਰਦਿਆ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ(Youth Akali Dal President Parambans Singh Bunty Romana) ਨੇ ਉਹਨਾਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ ਅਤੇ ਫ਼ਰੀਦਕੋਟ ਧਰਨੇ ਵਿੱਚ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਪਟਿਆਲਾ ਵਿਚ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਕਰੋਨਾ ਯੋਧਿਆ ਦੀ ਮਦਦ ਲਈ ਪਟਿਆਲਾ ਦੇ ਯੂਥ ਅਕਾਲੀ ਆਗੂਆਂ ਦੀ ਡਿਊਟੀ ਲਗਾਈ। ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਉਠਾਏ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨ ਕਰ ਰਹੇ ਕਰੋਨਾ ਕਾਮਿਆਂ ਨੇ ਕਿਹਾ ਕਿ ਸਰਕਾਰ ਉਹਨਾਂ ਨੂੰ ਵਾਰ ਵਾਰ ਲਾਰੇ ਲਗਾ ਰਹੀ ਹੈ, ਪਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਜਲਦ ਹੀ ਨੋਟੀਫੀਕੇਸ਼ਨ ਜਾਰੀ ਕੀਤਾ ਜਾਵੇਗਾ, ਪਰ ਕਈ ਦਿਨ ਬੀਤ ਜਾਣ ਬਾਅਦ ਵੀ ਜਦ ਨੋਟੀਫੀਕੇਸ਼ਨ ਜਾਰੀ ਨਾਂ ਹੋਇਆ, ਤਾਂ ਉਹਨਾਂ ਨੇ ਬੀਤੇ 2 ਦਿਨਾਂ ਤੋਂ ਪਟਿਆਲਾ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਜਿਥੇ ਪੁਲਿਸ ਨੇ ਉਹਨਾਂ ਦੇ ਸਾਥੀਆਂ ਉਪਰ ਅੰਨ੍ਹੇਵਾਹ ਡਾਂਗਾਂ ਮਾਰੀਆਂ ਗਈਆਂ, ਜਿਸ ਵਿਚ ਜਿਆਦਾਤਰ ਕੁੜੀਆਂ ਸਨ, ਜਿੰਨਾਂ ਨਾਲ ਪੁਲਿਸ ਨੇ ਬਦਸਲੂਕੀ ਕੀਤੀ। ਉਹਨਾਂ ਕਿਹਾ ਕਿ ਧੀਆਂ ਧੀਆਂ ਦੀ ਰੱਟ ਲਗਾਉਣ ਵਾਲੇ ਮੁੱਖ ਮੰਤਰੀ ਨੂੰ ਅੱਜ ਪਤਾ ਨਹੀਂ ਲੱਗਿਆ ਜਦੋਂ ਧੀਆਂ ਨੂੰ ਪੁਲਿਸ ਡਾਂਗਾਂ ਨਾਲ ਸੜਕਾਂ 'ਤੇ ਕੁੱਟ ਰਹੀ ਸੀ।
ਉਹਨਾਂ ਕਿਹਾ ਕਿ ਇਹ ਉਹੀ ਧੀਆਂ ਹਨ, ਜਿੰਨਾਂ ਆਪਣੀਆ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਅਤੇ ਸੂਬੇ ਨੂੰ ਕਰੋਨਾ ਵਰਗੀ ਮਹਾਂਮਾਰੀ ਤੋਂ ਬਾਹਰ ਨਿਕਲਣ ਵਿਚ ਮਦਦ ਕੀਤੀ, ਪਰ ਸਰਕਾਰ ਨੇ ਉਹਨਾਂ ਨੂੰ ਦੁੱਧ ਵਿਚੋਂ ਵਾਲ ਵਾਂਗ ਬਾਹਰ ਕੱਢ ਦਿੱਤਾ। ਉਹਨਾਂ ਕਿਹਾ ਕਿ ਜਿੰਨਾਂ ਚਿਰ ਉਹਨਾਂ ਦੇ ਗ੍ਰਿਫ਼ਤਾਰ ਕੀਤੇ ਗਏ ਸਾਥੀ ਰਿਹਾਅ ਨਹੀਂ ਹੁੰਦੇ ਅਤੇ ਜਿੰਨਾਂ ਚਿਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹਨਾਂ ਦਾ ਸ਼ੰਘਰਸ ਇਸੇ ਤਰ੍ਹਾਂ ਚਲਦਾ ਰਹੇਗਾ।
ਇਸ ਮੌਕੇ ਕਰੋਨਾ ਕਾਮਿਆ ਦੇ ਹੱਕ ਵਿਚ ਆਉਂਦਿਆਂ ਜੀ.ਜੀ.ਐਸ ਮੈਡੀਕਲ ਦੇ ਰੈਗੂਲਰ ਸਟਾਫ਼ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ 6 ਦਸੰਬਰ ਤੋਂ ਮੁਕੰਮਲ ਸਿਹਤ ਸੇਵਾਵਾਂ ਠੱਪ ਕਰਨ ਦਾ ਐਲਾਨ ਕਰ ਦਿੱਤਾ ਹੈ।
ਗੱਲਬਾਤ ਕਰਦਿਆਂ ਰੈਗੂਲਰ ਸਟਾਫ਼ ਨਰਸ ਮੈਡਮ ਆਸ਼ਾ ਨੇ ਦੱਸਿਆ ਕਿ ਸਰਕਾਰ ਨੇ ਉਹਨਾਂ ਦੀਆਂ ਮੰਨੀਆ ਹੋਈਆਂ ਮੰਗਾਂ ਨੂੰ ਨਕਾਰ ਦਿੱਤਾ ਹੈ ਅਤੇ ਉਹਨਾਂ ਦੀਆਂ ਤਨਖਾਹਾਂ 'ਤੇ ਵੀ ਕੱਟ ਲਗਾਇਆ ਹੈ, ਇਸੇ ਦੇ ਵਿਰੋਧ ਵਿਚ ਉਹਨਾਂ ਨੇ 6 ਦਸੰਬਰ ਤੋਂ ਸਾਰੀਆਂ ਡਾਕਟਰੀ ਸੇਵਾਵਾਂ ਜਿੰਨਾਂ ਵਿਚ ਐਮਰਜੈਂਸੀ ਸੇਵਾਵਾਂ ਵੀ ਹੋਣਗੀਆਂ ਠੱਪ ਕੀਤੀਆਂ ਜਾਣਗੀਆਂ ਅਤੇ ਉਨਾਂ ਚਿਰ ਹੜਤਾਲ ਜਾਰੀ ਰਹੇਗੀ, ਜਿੰਨਾਂ ਚਿਰ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਨਹੀਂ ਲੈਂਦੀ। ਉਹਨਾਂ ਕਿਹਾ ਕਿ ਇਸ ਦੌਰਾਨ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਇਸ ਮੌਕੇ ਵਿਸੇਸ਼ ਤੌਰ 'ਤੇ ਪਹੁੰਚੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ(Youth Akali Dal President Parambans Singh Bunty Romana) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹੇ ਮੁਲਾਜਮਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ, ਜਿੰਨਾਂ ਨੇ ਉਸ ਵਕਤ ਲੋਕਾਂ ਦਾ ਸਾਥ ਦਿੱਤਾ। ਜਦੋਂ ਆਪਣੇ ਹੀ ਆਪਣਿਆਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰ ਗਏ ਸਨ।
ਉਹਨਾਂ ਕਿਹਾ ਕਿ ਸਰਕਾਰ ਨੇ ਇਹਨਾਂ ਨੂੰ ਸਪੈਸ਼ਲ ਏਡ ਤਾਂ ਕੋਈ ਕੀ ਦੇਣੀ ਸੀ, ਉਲਟਾ ਇਹਨਾਂ ਦੀਆਂ ਸੇਵਾਵਾਂ ਬੰਦ ਕਰ ਕੇ ਇਹਨਾਂ ਨਾਲ ਵੱਡੀ ਬੇਇਨਸਾਫੀ ਕੀਤੀ ਹੈ।