ਫ਼ਰੀਦਕੋਟ: ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਦਾ ਰੇਲ ਰੋਕੋ ਅੰਦੋਲਨ ਜਾਰੀ ਹੈ। ਦੂਜੀ ਵਾਰ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਹੋਈ ਗੱਲਬਾਤ ਦਾ ਕੋਈ ਸਾਰਥਿਕ ਹੱਲ ਨਾ ਨਿਕਲਦਾ ਵੇਖ ਪੰਜਾਬ ਦੇ ਕਿਸਾਨਾਂ ਵਿੱਚ ਲਗਾਤਾਰ ਗੁੱਸਾ ਵਧਦਾ ਹੀ ਜਾ ਰਿਹਾ ਹੈ ਅਤੇ ਕਿਸਾਨ ਸੰਘਰਸ਼ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਫ਼ਰੀਦਕੋਟ ਵਿੱਚ ਚੱਲ ਰਹੇ ਕਿਸਾਨ ਧਰਨਾ ਅੱਜ 46ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੇ 26 ਅਤੇ 27 ਨਵੰਬਰ ਦੇ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਦਿੱਲੀ ਅੰਦਰ ਦਾਖ਼ਲ ਨਾ ਹੋਣ ਦਿੱਤਾ ਤਾਂ ਕਿਸਾਨ ਦਿੱਲੀ ਦੇ ਨਾਲ ਲੱਗਦੇ ਪੰਜਾਬ ਦੇ ਬਾਰਡਰ ਨੂੰ ਜਾਮ ਕਰ ਦਿੱਲੀ ਨੂੰ ਸਪਲਾਈ ਹੁੰਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਬੰਦ ਕਰ ਸਕਦੇ ਹਨ।
ਕਿਸਾਨ ਆਗੂ ਲਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਸਿਰੇ ਨਾ ਲੱਗ ਸਕਣ ਤੋਂ ਬਾਅਦ ਹੁਣ 18 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਆਪਸ ਵਿੱਚ ਮੀਟਿੰਗ ਕਰਕੇ 26 ਅਤੇ 27 ਨਵੰਬਰ ਦੇ ਦਿੱਲੀ ਵਿੱਚ ਦਿੱਤੇ ਜਾਣ ਵਾਲੇ ਧਰਨੇ ਦੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਸਰਕਾਰ ਨੇ ਦਿੱਲੀ ਅੰਦਰ ਦਾਖ਼ਲ ਨਾ ਹੋਣ ਦਿੱਤਾ ਤਾਂ ਦਿੱਲੀ ਨਾਲ ਲੱਗਦੇ ਪੰਜਾਬ ਦੇ ਬਰਡਰ ਜਾਮ ਕਰਕੇ ਕਿਸਾਨਾਂ ਵੱਲੋਂ ਉਥੇ ਹੀ ਪੱਕੇ ਤੌਰ ਉੱਤੇ ਧਰਨਾ ਲਗਾਇਆ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਫ਼ਰੀਦਕੋਟ ਰੇਲਵੇ ਸਟੇਸ਼ਨ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ 46ਵੇਂ ਦਿਨ ਵੀ ਧਰਨਾ ਲਗਾਤਾਰ ਜਾਰੀ ਹੈ ਅਤੇ ਸਫਲਤਾਪੂਰਵਕ ਧਰਨਾ ਅਮਨ ਸ਼ਾਂਤੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸੰਘਰਸ਼ ਉਨਾਂ ਚਿਰ ਜਾਰੀ ਰੱਖਿਆ ਜਾਵੇਗਾ ਜਦ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ।
ਉਨ੍ਹਾਂ ਕਿਹਾ ਕਿ 26 ਅਤੇ 27 ਨਵੰਬਰ ਦੇ ਦਿੱਲੀ ਧਰਨੇ ਲਈ ਕਿਸਾਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਇਸ ਦਿਨ ਦਿੱਲੀ ਧਰਨੇ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਦਿੱਲੀ ਅੰਦਰ ਦਾਖ਼ਲ ਨਾ ਹੋਣ ਦਿੱਤਾ ਤਾਂ ਉਹ ਪੰਜਾਬ ਨਾਲ ਲੱਗਦੇ ਦਿੱਲੀ ਦੇ ਬਾਰਡਰ ਜਾਮ ਕਰ ਦੇਣਗੇ ਅਤੇ ਉੱਥੇ ਹੀ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਉਨ੍ਹਾਂ ਦੀਆਂ ਖਾਦਾਂ ਰੋਕ ਸਕਦੀ ਹੈ ਤਾਂ ਉਹ ਦਿੱਲੀ ਨੂੰ ਜਾਂਦੇ ਪੰਜਾਬ ਦੇ ਸਾਰੇ ਰਸਤੇ ਜਾਮ ਕਰ ਕੇ ਦਿੱਲੀ ਨੂੰ ਜਾਂਦੀਆਂ ਵਸਤਾਂ ਦੀ ਸਪਲਾਈ ਠੱਪ ਕਰ ਦੇਣਗੇ ਅਤੇ ਜਦ ਤੱਕ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।