ਫ਼ਰੀਦਕੋਟ: ਸ਼ਹਿਰ ਦੀ ਪੁਲਿਸ ਨੇ ਬੀਤੇ ਦਿਨੀ ਜੈਤੋ ਵਿਖੇ ਹੋਈ ਫਾਰਿੰਗ ਦੇ ਮਾਮਲੇ ਵਿਚ 2 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਬੀਤੇ ਦਿਨੀਂ ਵਪਾਰੀਆਂ ਤੋਂ ਫਿਰੌਤੀ ਲੈਣ ਲਈ ਉਨ੍ਹਾਂ ਨੂੰ ਡਰਾਉਣ ਦੇ ਮਕਸਦ ਨਾਲ ਬੰਬੀਹਾ ਗਰੁੱਪ ਦੇ ਗੁਰਗਿਆਂ ਵਲੋਂ ਜੈਤੋ ਵਿੱਚ ਫਾਇਰਿੰਗ ਕੀਤੀ ਗਈ ਸੀ। ਇਨ੍ਹਾਂ ਗੁਰਗਿਆਂ ਨੂੰ ਫੜ੍ਹਨ ਲਈ ਪੁਲਿਸ ਵਲੋਂ ਰੇਡ ਕੀਤੀ ਗਈ ਤਾਂ ਇਸ ਦੌਰਾਨ ਗੁਰਗਿਆਂ ਵਲੋਂ ਪੁਲਿਸ ਉੱਤੇ ਫਾਇਰਿੰਗ ਕੀਤੀ ਗਈ। ਪੁਲਿਸ ਵਲੋਂ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਵਿੱਚ ਬੰਬੀਹਾ ਗਰੁੱਪ ਦਾ ਇਕ ਗੁਰਗਾ ਜਖਮੀ ਹੋ ਗਿਆ।
ਵਿਸ਼ੇਸ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਸਪੀ ਫ਼ਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਬੀਤੀ 6 ਜੁਲਾਈ ਨੂੰ ਜੈਤੋ ਵਿੱਚ ਤਿੰਨ ਮੋਟਰਸਾਇਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਇਸ ਸੰਬੰਧੀ ਥਾਣਾ ਜੈਤੋ ਵਿਖੇ ਮੁਕਦਮਾ ਨੰਬਰ 92 ਅਧੀਨ ਧਾਰਾ 384/336 ਅਤੇ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ਦੀ ਤਫਤੀਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਅਤੇ ਵੱਖ ਵੱਖ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਇਸੇ ਤਹਿਤ ਮੁਖ਼ਬਰ ਦੀ ਇਤਲਾਹ ਉੱਤੇ ਸੀਆਈਏ ਸਟਾਫ ਫਰੀਦਕੋਟ ਦੀ ਟੀਮ ਵੱਲੋਂ ਸ਼ੱਕੀ ਵਿਅਕਤੀ ਦੀ ਭਾਲ ਲਈ ਉਨ੍ਹਾਂ ਦੀ ਛੁਪਣਗਾਹ 'ਤੇ ਰੇਡ ਕੀਤੀ ਗਈ, ਤਾਂ ਉਥੇ ਮੌਜੂਦ 2 ਲੋਕਾਂ ਵੱਲੋਂ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਗਈ। ਜਵਾਬੀ ਕਾਰਵਾਈ ਵਿੱਚ ਇਕ ਸ਼ੱਕੀ ਵਿਅਕਤੀ ਦੇ ਗੋਲੀ ਲੱਗ ਗਈ ਅਤੇ ਦੋਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਖ਼ਮੀਂ ਨੂੰ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਦਕਿ ਦੂਜੇ ਤੋਂ ਜਦੋਂ ਸਖ਼ਤੀ ਨਾਲ ਪੁਛਗਿੱਛ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਉਹ ਬੰਬੀਹਾ ਗੈਂਗ ਨਾਲ ਸੰਬੰਧ ਰੱਖਦੇ ਹਨ ਅਤੇ ਵਪਾਰੀਆਂ ਅਤੇ ਰਸੂਖਦਾਰ ਲੋਕਾਂ ਤੋਂ ਫਰੌਤੀ ਲੈਣ ਲਈ ਉਨ੍ਹਾਂ ਨੂੰ ਡਰਾਉਣ ਦੇ ਮਕਸਦ ਨਾਲ ਉਨ੍ਹਾਂ ਵੱਲੋਂ ਹੀ ਮਿਤੀ 6 ਜੁਲਾਈ ਨੂੰ ਜੈਤੋ ਵਿਖੇ ਫਾਇਰਿੰਗ ਕੀਤੀ ਗਈ ਸੀ।
ਜਾਣਕਾਰੀ ਦਿੰਦਿਆ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਪੁਛਗਿੱਛ ਵਿੱਚ ਪਤਾ ਚੱਲਿਆ ਕਿ ਇਨ੍ਹਾਂ ਦਾ ਇਕ ਹੋਰ ਸਾਥੀ ਵੀ ਹੈ ਜਿਸ ਨੇ ਇਸ ਪੂਰੀ ਵਾਰਦਾਤ ਵਿੱਚ ਇਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਇਕ ਪਿਸਟਲ 32 ਬੋਰ ਸਮੇਤ ਮੈਗਜੀਨ, ਇਕ ਇਨੋਵਾ ਕਾਰ ਅਤੇ ਇਕ ਮੋਟਰਸਾਇਕਲ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਗਏ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।