ਫ਼ਰੀਦਕੋਟ: ਬਰਗਾੜੀ ਮੋਰਚੇ ਦਾ ਮੁੱਦਾ ਇੱਕ ਵਾਰ ਮੁੜ ਪੰਜਾਬ ਵਿੱਚ ਗਰਮ ਹੁੰਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਤਿੰਨ ਪੰਥਕ ਧਿਰਾਂ ਨੇ ਵੱਡਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿਡ ਅਕਾਲੀ ਦਲ ਅਤੇ ਦਲ ਖ਼ਾਲਸਾ ਨੇ ਬਰਗਾੜੀ ਮੋਰਚੇ ਦੌਰਾਨ ਪੰਜਾਬ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਿਹਾਇਸ਼ ਨਿਊ ਮੋਤੀ ਮਹਿਲ ਨੂੰ ਘੇਰਣ ਦਾ ਐਲਾਨ ਕੀਤਾ ਗਿਆ ਹੈ। ਤਿੰਨਾਂ ਧਿਰਾਂ ਦੇ ਆਗੂਆਂ ਨੇ ਇੱਥੇ ਪ੍ਰੈੱਸ ਮਿਲਣੀ ਦੌਰਾਨ ਦੱਸਿਆ ਕਿ 10 ਅਗਸਤ ਨੂੰ ਇਹ ਧਿਰਾਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਗੀਆਂ।
ਮੀਡੀਆ ਨੂੰ ਸੰਬੋਧਨ ਹੁੰਦੇ ਹੋਏ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਬਰਗਾੜੀ ਮੋਰਚੇ ਦੇ ਸਬੰਧ ਵਿੱਚ ਬਣੀ ਸੰਘਰਸ਼ ਕਮੇਟੀ ਵੱਲੋਂ ਇਹ ਮੁੱਖ ਮੰਤਰੀ ਦੀ ਕੋਠੀ ਘੇਰਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀਆਂ ਤਰਫੋਂ ਪੰਜਾਬ ਦੇ ਦੋ ਮੰਤਰੀਆਂ ਨੇ ਬਰਗਾੜੀ ਮੋਰਚੇ ਦੀਆਂ ਮੰਗਾਂ ਮੰਨੀਆਂ ਸਨ, ਉਨ੍ਹਾਂ ਨੂੰ ਸਰਕਾਰ ਨੇ ਪੂਰਾ ਨਹੀਂ ਕੀਤਾ। ਇਨ੍ਹਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਲਈ ਹੀ ਇਹ ਘੇਰਾਓ ਕੀਤਾ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹਾਲੇ ਵੀ ਬਾਹਰ ਹਨ। ਉਨ੍ਹਾਂ ਕਿਹਾ ਕਿ ਇਸ ਰੋਸ ਮਾਰਚ ਵਿੱਚ ਸਭ ਪੰਜਾਬੀਆਂ ਨੂੰ ਸ਼ਿਰਕਤ ਕਰਨੀ ਚਾਹੀਦੀ ਹੈ।