ਫਰੀਦਕੋਟ: ਪੰਜਾਬ ਅੰਦਰ ਆਮ ਆਦਮੀਂ ਪਾਰਟੀ ਦੀ ਸਰਕਾਰ ਬਣਨ ਤੇ ਜਿਥੇ ਸੂਬੇ ਦਾ ਹਰ ਵਰਗ ਖੁਸੀਆਂ ਮਨਾ ਰਿਹਾ, ਉਥੇ ਹੀ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਦੌਰਾਨ ਅਜਿਹਾ ਚਮਤਕਾਰ ਹੋਇਆ ਜਿਸ ਨੇ ਫਰੀਦਕੋਟ ਜਿਲ੍ਹੇ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਪਰਿਵਾਰ ਦੀ ਹਨੇਰੀ ਜਿੰਦਗੀ ਵਿਚ ਚਾਨਣ ਕਰ ਦਿੱਤਾ। ਜਿਸ ਕਾਰਨ ਪੂਰੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਫਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ਦਾ ਨੌਜਵਾਨ ਜਸਵਿੰਦਰ ਸਿੰਘ ਉਮਰ 29 ਸਾਲ ਜੋ ਪਿਛਲੇ ਕਰੀਬ 7 ਸਾਲ ਤੋਂ ਘਰੋਂ ਲਾਪਤਾ ਸੀ। ਜੋ ਫੌਜ ਦੀ ਭਰਤੀ ਦੀ ਤਿਆਰੀ ਲਈ ਸਵੇਰ ਵੇਲੇ ਅਜਿਹਾ ਦੌੜਨ ਗਿਆ ਜੋ ਘਰ ਵਾਪਸ ਨਾ ਪਰਤਿਆ।
ਬੇਸ਼ੱਕ ਜਸਵਿੰਦਰ ਦੇ ਘਰਦਿਆਂ ਨੇ ਉਸ ਦੀ ਬਹੁਤ ਭਾਲ ਕੀਤੀ ਪਰ ਉਹ ਕਿਤੋਂ ਵੀ ਨਾ ਮਿਲਿਆ। ਜਸਵਿੰਦਰ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਫੌਜ ਦੀ ਭਰਤੀ ਦੀ ਪ੍ਰੈਕਟਿਸ ਕਰਨ ਲਈ ਰੋਜਾਨਾ ਦੌੜ ਲਗਾਉਣ ਜਾਂਦਾ ਹੁੰਦਾ ਸੀ ਅਤੇ 10 ਮਾਰਚ 2015 ਵਾਲੇ ਦਿਨ ਉਹ ਦੌੜ ਲਗਾਉਣ ਤਾਂ ਗਿਆ ਪਰ ਵਾਪਸ ਘਰ ਨਾਂ ਪਰਤਿਆ।
ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਲਈ ਹਰ ਸੰਭਵ ਕੋਸਿਸ਼ ਕੀਤੀ ਪਰ ਅਸਫਲ ਰਹੇ। ਅੱਜ ਉਸ ਵੇਲੇ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਥਾਣਾ ਸਾਦਿਕ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਸਵਿੰਦਰ ਸਿੰਘ ਬਿਲਕੁਲ ਠੀਕ ਹੈ ਅਤੇ ਉਹ ਖਟਕੜ ਕਲਾਂ ਵਿਖੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਲਈ ਲੱਗ ਰਹੇ ਟੈਂਟ ਵਿੱਚ ਬਤੌਰ ਮਜਦੂਰ ਕੰਮ ਕਰ ਰਿਹਾ ਹੈ।
ਪਰਿਵਾਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਪੁਲਿਸ ਕਰਮਚਾਰੀਆਂ ਨੇ ਸਕਿਓਰਟੀ ਮੰਤਵ ਲਈ ਸਮਾਰੋਹ ਦੀ ਤਿਆਰੀ ਵਿੱਚ ਲੱਗੇ ਸਾਰੇ ਕਾਮਿਆਂ ਦੇ ਪਛਾਣ ਪੱਤਰ ਮੰਗੇ ਸਨ ਤਾਂ ਜਸਵਿੰਦਰ ਸਿੰਘ ਕੋਲ ਆਪਣੀ ਪਹਿਚਾਣ ਦੱਸਣ ਵਾਲਾ ਕੋਈ ਕਾਗਜ ਨਹੀਂ ਸੀ। ਉਸ ਨੇ ਜੁਬਾਨੀ ਹੀ ਆਪਣਾ ਨਾਮ ਅਤੇ ਘਰ ਦਾ ਪੂਰਾ ਪਤਾ ਸੰਬੰਧਿਤ ਅਧਿਕਾਰੀਆਂ ਨੂੰ ਲਿਖਵਾ ਦਿੱਤਾ।
ਇਸ ਉਪਰੰਤ ਫਰੀਦਕੋਟ ਪੁਲਿਸ ਨੂੰ ਜਸਵਿੰਦਰ ਸਿੰਘ ਬਾਰੇ ਪੜਤਾਲ ਕਰਨ ਦਾ ਸੁਨੇਹਾ ਲੱਗਣ ਤੇ ਉਸ ਦੇ ਪਿੰਡ ਜਾ ਕੇ ਪਤਾ ਕੀਤਾ ਗਿਆ ਤਾਂ ਪਿੰਡ ਵਾਸੀਆਂ ਨੇ ਪੁਲਿਸ ਕਰਮਚਾਰੀਆਂ ਨੂੰ ਦੱਸਿਆ ਜਸਵਿੰਦਰ ਸਿੰਘ ਤਾਂ ਪਿਛਲੇ 7 ਸਾਲਾਂ ਤੋਂ ਲਾਪਤਾ ਹੈ ਪਰ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਜਸਵਿੰਦਰ ਸਿੰਘ ਬਿਲਕੁਲ ਠੀਕ ਹੈ ਤੇ ਉਹ ਖਟਕੜ ਕਲਾਂ ਵਿਖੇ ਕੰਮ ਕਰ ਰਿਹਾ ਹੈ।
ਇਹ ਖਬਰ ਸੁਣ ਕੇ ਉਸ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਖੁਸੀ ਦਾ ਕੋਈ ਠਿਕਾਣਾ ਨਾ ਰਿਹਾ। ਪੂਰੇ ਪਿੰਡ ਵਿੱਚ ਖੁਸੀ ਦਾ ਮਹੌਲ ਸੀ ਅਤੇ ਦੇਰ ਰਾਤ ਜਸਵਿੰਦਰ ਸਿੰਘ ਆਪਣੇ ਘਰ ਵੀ ਲਿਆਂਦਾ ਗਿਆ ਅਤੇ ਅੱਜ ਉਸ ਦੀਆਂ ਭੈਣਾਂ ਵੱਲੋਂ ਕਰੀਬ 7 ਸਾਲ ਬਾਅਦ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹੀ ਗਈ।
ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਕੋਈ ਵਿਅਕਤੀ ਅੰਮ੍ਰਿਤਸਰ ਲੈ ਕੇ ਗਿਆ ਸੀ, ਜਿਸ ਬਾਰੇ ਹੁਣ ਉਸ ਨੂੰ ਕੁਝ ਨਹੀਂ ਪਤਾ। ਉਸ ਨੇ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਵਿਖੇ ਉਹ ਕਿਸੇ ਸੇਠੀ ਟੈਂਟ ਵਾਲੇ ਕੋਲ ਡੇਲੀ ਬੇਸ ਤੇ ਨੌਕਰੀ ਕਰਦਾ ਸੀ ਪਰ ਉਸ ਨੂੰ ਮਿਹਨਤਾਨਾਂ ਪੂਰਾ ਨਹੀਂ ਸੀ ਮਿਲਦਾ।
ਉਸ ਨੇ ਦੱਸਿਆ ਕਿ ਉਸ ਨਾਲ ਕਈ ਹੋਰ ਲੜਕੇ ਵੀ ਸਨ ਜੋ ਘਰਾਂ ਤੋਂ ਭੱਜੇ ਹੋਏ ਹਨ ਅਤੇ ਉਥੇ ਰਹਿ ਰਹੇ ਹਨ। ਇਸ ਮੌਕੇ ਜਸਵਿੰਦਰ ਦੇ ਪਿਤਾ ਅਤੇ ਮਾਤਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਨਾਂ ਜਿੱਤਦਾ ਤਾਂ ਸ਼ਾਇਦ ਅੱਜ ਉਹਨਾਂ ਦਾ ਪੁੱਤਰ ਉਹਨਾਂ ਕੋਲ ਨਾਂ ਹੁੰਦਾ।
ਉਹਨਾਂ ਨੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਵਿਅਕਤੀ ਨੇ ਉਹਨਾਂ ਦੇ ਲੜਕੇ ਨੂੰ ਇੰਨਾਂ ਲੰਬਾ ਸਮਾਂ ਆਪਣੇ ਕੋਲ ਕੰਮ ਤੇ ਰੱਖਿਆ ਅਤੇ ਪਰਿਵਾਰ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਅਤੇ ਨਾਂ ਹੀ ਉਸ ਨੂੰ ਕਰੀਬ 7 ਸਾਲ ਦਾ ਮਿਹਨਤਾਨਾਂ ਦਿੱਤਾ। ਇਸ ਲਈ ਉਸ ਦੁਕਾਨ ਮਾਲਕ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇ।
ਇਹ ਵੀ ਪੜ੍ਹੋ: ਗੁਵਾਹਾਟੀ ’ਚ ਪੁਲਿਸ ਮੁਕਾਬਲੇ ’ਚ ਗੈਂਗਰੇਪ ਦਾ ਮੁੱਖ ਮੁਲਜ਼ਮ ਢੇਰ