ਫਰੀਦਕੋਟ: ਕਰੀਬ 24 ਸਾਲ ਤੋਂ ਲਾਪਤਾ ਫਰੀਦਕੋਟ ਦਾ ਸਿਪਾਹੀ ਮਨਜੀਤ ਸਿੰਘ ਜੋ ਕਿ ਇੰਡੀਅਨ ਰਿਜ਼ਰਵ ਬਟਾਲੀਅਨ ਵਿੱਚ ਤਾਇਨਾਤ ਸੀ। ਅਜੇ ਤੱਕ ਮਨਜੀਤ ਸਿੰਘ ਦਾ ਕੋਈ ਵੀ ਥਹੁ ਪਤਾ ਨਾਂ ਮਿਲਣ ਅਤੇ ਸਰਕਾਰ ਅਤੇ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕਰਨ ਅਤੇ ਪਰਿਵਾਰ ਨੂੰ ਬਣਦਾ ਹੱਕ ਨਾਂ ਦੇਣ ਦੇ ਵਿਰੋਧ ਵਿਚ ਲਾਪਤਾ ਸਿਪਾਹੀ ਦਾ ਪੁੱਤਰ ਗੁਰਤੇਜ ਸਿੰਘ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋ ਗਿਆ ਹੈ। ਇਸਦੇ ਨਾਲ ਹੀ ਟੈਂਕੀ ਦੇ ਹੇਠਾਂ ਗੁਰਤੇਜ ਦੀ ਮਾਂ ਨੇ ਮੋਰਚਾ ਸੰਭਾਲ ਰੱਖਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਫਰੀਦਕੋਟ ਦਾ ਰਹਿਣ ਵਾਲਾ ਮਨਜੀਤ ਸਿੰਘ ਇੰਡੀਅਨ ਰਿਜ਼ਰਵ ਬਟਾਲੀਅਨ ਵਿੱਚ ਸਿਪਾਹੀ ਵਜੋਂ ਤਾਇਨਾਤ ਸੀ ਜੋ ਕਰੀਬ 24 ਸਾਲ ਪਹਿਲਾਂ ਘਰੋਂ ਡਿਊਟੀ ’ਤੇ ਗਿਆ ਪਰ ਵਾਪਸ ਨਹੀਂ ਪਰਤਿਆ। ਉਸਦਾ ਅਜੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ। ਗੱਲਬਾਤ ਕਰਦਿਆਂ ਮਨਜੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਕਰੀਬ 24 ਸਾਲ ਹੋ ਗਏ ਉਸ ਦਾ ਪਤੀ ਡਿਊਟੀ ਤੋਂ ਪਾਲਤਾ ਹੋਇਆ ਸੀ ਅਤੇ ਉਸ ਨੇ ਕਈ ਵਾਰ ਮਹਿਕਮੇਂ ਦੇ ਅਫਸਰਾਂ ਦੇ ਦਫਤਰਾਂ ਵਿਚ ਗੇੜੇ ਕੱਢੇ, ਪਰ ਕਿਤੋਂ ਵੀ ਕੁਝ ਪੱਲੇ ਨਹੀਂ ਪਿਆ।
ਉਨ੍ਹਾਂ ਕਿਹਾ ਕਿ ਨਾਂ ਤਾਂ ਕਿਸੇ ਸਰਕਾਰ ਨੇ ਉਨ੍ਹਾਂ ਦੀ ਸੁਣੀ ਅਤੇ ਨਾਂ ਹੀ ਮਹਿਕਮੇਂ ਵੱਲੋਂ ਸੁਣੀ ਗਈ। ਉਨ੍ਹਾਂ ਕਿਹਾ ਆਖਰ ਦੁਖੀ ਹੋ ਕਿ ਅੱਜ ਉਸ ਦਾ ਪੁੱਤ ਵੀ ਮਰਨ ਲਈ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਮਹਿਕਮੇਂ ਦੇ ਇੱਕ ਮੁਲਾਜ਼ਮ ਨੂੰ ਜੋ ਸਹੂਲਤਾਂ ਮਿਲਦੀਆਂ ਉਹ ਪਰਿਵਾਰ ਨੂੰ ਦਿੱਤੀਆ ਜਾਣ ਤਾਂ ਜੋ ਉਹ ਆਪਣੀ ਜ਼ਿੰਦਗੀ ਦਾ ਗੁਜਾਰਾ ਚਲਾ ਸਕਣ।
ਇਸ ਮੌਕੇ ਗੱਲਬਾਤ ਕਰਦਿਆ ਪੀੜਤ ਪਰਿਵਾਰ ਦੇ ਗੁਆਂਢੀ ਨੇ ਕਿਹਾ ਕਿ ਮਨਜੀਤ ਸਿੰਘ ਬੀਤੇ ਕਰੀਬ 24 ਸਾਲ ਤੋਂ ਲਾਪਤਾ ਹੈ ਪਰ ਨਾਂ ਤਾਂ ਮਹਿਕਮੇਂ ਅਤੇ ਨਾਂ ਹੀ ਕਿਸੇ ਸਰਕਾਰ ਨੇ ਇੰਨ੍ਹਾਂ ਦੇ ਪਰਿਵਾਰ ਦੀ ਕੋਈ ਸਾਰ ਲਈ। ਉਨ੍ਹਾਂ ਦੱਸਿਆ ਕਿ ਪਰਿਵਾਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ ਅਤੇ ਸਰਕਾਰ ਵੱਲੋਂ ਇੰਨ੍ਹਾਂ ਦੀ ਕੋਈ ਪੈਨਸ਼ਨ ਵਗੈਰਾ ਵੀ ਨਹੀਂ ਲਗਾਈ ਗਈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਸਰਕਾਰ ਮਦਦ ਕਰੇ। ਖ਼ਬਰ ਲਿਖੇ ਜਾਣ ਤੱਕ ਪੁਲਿਸ ਮੌਕੇ ’ਤੇ ਪਹੁੰਚੀ ਹੋਈ ਸੀ ਅਤੇ ਨੌਜਵਾਨ ਨੂੰ ਕਿਸੇ ਤਰ੍ਹਾਂ ਸਮਝਾ ਬੁਝਾ ਕੇ ਅਤੇ ਗੱਲਬਾਤ ਕਰ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਨੌਜਵਾਨ ਹਾਲੇ ਤੱਕ ਵੀ ਟੈਂਕੀ ’ਤੇ ਚੜ੍ਹਿਆ ਹੋਇਆ ਨਾਅਰੇਬਾਜ਼ੀ ਕਰ ਰਿਹਾ।
ਇਹ ਵੀ ਪੜ੍ਹੋ: ਪੰਜਾਬ ਵਿੱਚ 25 ਹੋਰ ਮੁਹੱਲਾ ਕਲੀਨਿਕ ਖੁੱਲ੍ਹਣਗੇ