ਫਰੀਦਕੋਟ: ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਡਾਂਵਾਂ ਡੋਲ ਹੁੰਦੀ ਨਜ਼ਰ ਆ ਰਹੀ ਹੈ। ਆਏ ਦਿਨ ਮਾਰ ਕੁੱਟ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਜ਼ਿਲ੍ਹੇ ਅੰਦਰ ਜਿੱਥੋਂ ਦੇ ਹਰਗੋਬਿੰਦ ਨਗਰ ਵਿਚ ਰਹਿੰਦੇ ਇੱਕ ਪਰਿਵਾਰ ਦੇ ਘਰ ਉੱਤੇ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਵੱਲੋਂ ਫਾਇਰਿੰਗ ਕੀਤੀ (some unknown persons fired shots outside the house) ਗਈ ਹਾਲਾਂਕਿ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਉਸ ਵਕਤ ਹੋਇਆ ਜਦੋਂ ਪਰਿਵਾਰ ਵੱਲੋਂ ਅੱਗੋਂ ਹਵਾਈ ਫਾਇਰ ਕੀਤੇ ਗਏ। ਪੁਲਿਸ ਵੱਲੋਂ ਆਰਮਜ ਐਕਟ ਤਹਿਤ ਮੁਕੱਦਮਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਹਰਗੋਬਿੰਦ ਨਗਰ ਵਾਸੀ ਨਵਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਰੀਬ ਸਾਢੇ ਕੁ ਅੱਠ ਵਜੇ ਉਹਨਾਂ ਦੇ ਘਰ ਬਾਹਰ ਫਾਇਰਿੰਗ ਹੋਈ ਤਾਂ ਉਹ ਇਕ ਦਮ ਘਬਰਾ ਗਏ। ਉਹਨਾਂ ਕਿਹਾ ਕਿ ਉਹਨਾਂ ਦਾ ਲੜਕਾ ਜੋ ਛੱਤ ਤੇ ਸੀ ਨੇ ਜਦ ਅਵਾਜ਼ ਦਿੱਤੀ ਤਾਂ ਉਹਨਾਂ ਛੱਤ ਤੇ ਜਾ ਕੇ ਬਚਾਅ ਵਿਚ ਆਪਣੀ ਲਾਇਸੈਂਸੀ ਰਾਇਫਲ ਨਾਲ 2 ਹਵਾਈ ਫਾਇਰ ਕੀਤੇ ਤਾਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਹਮਲਾਵਰ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਬੀਤੇ ਸਾਲ ਵੀ ਕੁਝ ਲੜਕਿਆਂ ਨੇ ਉਹਨਾਂ ਦੇ ਲੜਕੇ ਉਪਰ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਗੰਭੀਰ ਜਖਮੀ ਕਰ ਦਿੱਤਾ ਸੀ ਜਿਸ ਸਬੰਧੀ ਮੁੱਕਦਮਾ ਵੀ ਦਰਜ ਹੋਇਆ ਸੀ।
ਉਹਨਾਂ ਦੱਸਿਆ ਕਿ ਹੁਣ ਫਿਰ ਦੇਰ ਰਾਤ ਕੁਝ ਲੋਕਾਂ ਨੇ ਉਹਨਾਂ ਦੇ ਘਰ ਉੱਤੇ ਹਮਲਾ ਕੀਤਾ ਅੱਗੋਂ ਬਚਾਅ ਲਈ ਅਸੀਂ 2 ਹਵਾਈ ਫਾਇਰ ਕੀਤੇ ਤਾਂ ਹਮਲਾਵਰ ਫਰਾਰ ਹੋ ਗਏ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਫਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਸਾਦਿਕ ਰੋਡ ਉੱਤੇ ਪੈਂਦੇ ਹਰਗੋਬਿੰਦ ਨਗਰ ਵਿਖੇ ਇੱਕ ਘਰ ਉੱਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਅੱਗੋਂ ਮਕਾਨ ਮਾਲਕਾਂ ਨੇ ਵੀ ਜਵਾਬ ਵਿੱਚ ਹਵਾਈ ਫਾਇਰ ਕੀਤੇ ਤਾਂ ਹਮਲਾਵਰ ਫਰਾਰ ਹੋ ਗਏ।
ਉਹਨਾਂ ਦੱਸਿਆ ਕਿ ਇਸ ਸਬੰਧੀ ਕਰਨ ਨਾਮ ਦੇ ਇੱਕ ਨੌਜਵਾਨ ਦੇ ਬਿਆਨਾਂ ਉੱਤੇ ਚਾਰ ਅਣਪਛਾਤੇ ਲੋਕਾਂ ਤੇ ਮੁਕੱਦਮਾਂ ਦਰਜ ਕੀਤਾ ਗਿਆ। ਉਹਨਾਂ ਦੱਸਿਆ ਇਸ ਨੌਜਵਾਨ ਤੇ ਪਹਿਲਾ ਵੀ ਕੁਝ ਲੋਕਾਂ ਨੇ ਹਮਲਾ ਕੀਤਾ ਸੀ ਅਤੇ ਉਸ ਨੇ ਸ਼ੱਕ ਜਾਹਿਰ ਕੀਤਾ ਕਿ ਜਿੰਨਾਂ ਲੋਕਾਂ ਨੇ ਉਸ ਤੇ ਹਮਲਾ ਕੀਤਾ ਸੀ ਹੋ ਸਕਦਾ ਉਹਨਾਂ ਨੇ ਖੁਦ ਜਾਂ ਕਿਸੇ ਹੋਰ ਰਾਹੀਂ ਇਹ ਹਮਲਾ ਕਰਵਾਇਆ ਹੋਵੇ। ਉਹਨਾਂ ਕਿਹਾ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਤਫਤੀਸ਼ ਜਾਰੀ ਹੈ।
ਇਹ ਵੀ ਪੜ੍ਹੋ: ਸਿਸੋਦੀਆ ਦੇ ਘਰ ਛਾਪੇਮਾਰੀ ਉੱਤੇ ਭੜਕੇ ਸੀਐਮ ਮਾਨ, ਕਿਵੇਂ ਅੱਗੇ ਵਧੇਗਾ ਭਾਰਤ