ਫਰੀਦਕੋਟ: ਕੋਟਕਪੂਰਾ ਗੋਲੀ ਕਾਂਡ ਤਹਿਤ ਪੁਲਿਸ ਅਧਿਕਾਰੀਆਂ ਵੱਲ ਸ਼ਾਂਤਮਈ ਰੋਸ ਧਰਨੇ ਉੱਤੇ ਬੈਠੀ ਸਿੱਖ ਸੰਗਤ ਖ਼ਿਲਾਫ਼ ਦਰਜ ਮੁਕੱਦਮੇ ਨੂੰ ਸਾਜ਼ਿਸ਼ ਦੱਸਦਿਆਂ ਜਾਂਚ ਟੀਮ ਨੇ ਸਿੱਖ ਧਰਨਾਕਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਸ ਕੇਸ ਵਿੱਚ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਬੇਕਸੂਰ ਲੋਕਾਂ ਖ਼ਿਲਾਫ਼ ਝੂਠੇ ਗਵਾਹ, ਸਬੂਤ ਅਤੇ ਕੇਸ ਬਣਾਉਣ ਦੇ ਇਲਜ਼ਾਮ ਹੇਠ ਪੰਜਾਬ ਦੇ ਤਤਕਾਲੀ ਡੀਜੀਪੀ ਸੁਮੇਧ ਸੈਣੀ, ਉਸ ਸਮੇਂ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਫਰੀਦਕੋਟ ਤੋਂ ਤਤਕਾਲੀ ਐੱਸਐੱਸਪੀ ਇਸ ਤੋਂ ਇਲਾਵਾ ਸੁਖਮਿੰਦਰ ਸਿੰਘ ਮਾਨ ਅਤੇ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਨੂੰ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।
23 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼: ਜਾਂਚ ਟੀਮ ਨੇ ਇਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਵੱਖਰਾ ਚਲਾਨ ਪੇਸ਼ ਕਰ ਦਿੱਤਾ ਹੈ। ਇਸ ਚਲਾਨ ਦੇ ਆਧਾਰ ਉੱਤੇ ਅਦਾਲਤ ਨੇ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਭੇਜ ਕੇ 23 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਕੋਟਕਪੂਰਾ ਗੋਲੀ ਕਾਂਡ ਤੋਂ ਬਾਅਦ ਕੋਟਕਪੂਰਾ ਪੁਲਿਸ ਨੇ ਧਰਨੇ ਉੱਤੇ ਬੈਠੀ ਸਿੱਖ ਸੰਗਤ ਖ਼ਿਲਾਫ਼ ਪੁਲਿਸ ਉੱਤੇ ਕਾਤਲਾਨਾ ਹਮਲਾ ਕਰਨ ਦੇ ਇਲਜ਼ਾਮਾਂ ਹੇਠ ਕੇਸ ਦਰਜ ਕੀਤਾ ਸੀ ਅਤੇ ਧਰਨਾਕਾਰੀਆਂ ਖ਼ਿਲਾਫ਼ ਕਥਿਤ ਤੌਰ `ਤੇ ਸਬੂਤ ਤੇ ਕੁਝ ਗਵਾਹ ਵੀ ਇਕੱਠੇ ਕੀਤੇ ਸਨ। ਜਾਂਚ ਟੀਮ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਝੂਠੀ ਅਤੇ ਗਿਣੀ-ਮਿਥੀ ਸਾਜ਼ਿਸ਼ ਕਰਾਰ ਦਿੰਦਿਆਂ ਕਿਸੇ ਵੀ ਧਰਨਾਕਾਰੀ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਕੀਤਾ, ਸਗੋਂ ਝੂਠੇ ਕੇਸ ਦੀ ਕਥਿਤ ਸਾਜ਼ਿਸ਼ ਰਚਣ ਵਾਲਿਆਂ ਨੂੰ ਮੁਲਜ਼ਮ ਨਾਮਜ਼ਦ ਕਰਕੇ ਉਨ੍ਹਾਂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਭਗੌੜੇ ਡੇਰਾ ਪ੍ਰੇਮੀਆਂ ਪ੍ਰਦੀਪ ਕਲੇਰ, ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਖਿਲਾਫ ਜ਼ਿਲਾ ਅਦਾਲਤ 'ਚ ਚਲਾਨ ਪੇਸ਼ ਕੀਤਾ ਸੀ। ਦੱਸ ਦੇਈਏ ਕਿ ਇਹ ਤਿੰਨੋਂ ਭਗੌੜੇ ਮੁਲਜ਼ਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਭੜਕਾਊ ਪੋਸਟਰ ਲਗਾਉਣ ਅਤੇ ਪਵਿੱਤਰ ਗ੍ਰੰਥ ਦੇ ਅੰਗ ਪਾੜਨ ਅਤੇ ਸੁੱਟਣ ਦੇ ਮਾਮਲੇ ਵਿੱਚ ਨਾਮਜ਼ਦ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ 128 ਤਹਿਤ ਕੇਸ ਦਰਜ ਕੀਤਾ ਸੀ। ਇਸ ਤੋਂ ਇਲਾਵਾ ਕੋਟਕਪੂਰਾ ਗੋਲੀਕਾਂਡ ਵਿੱਚ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਂ ਵੀ ਸਾਹਮਣੇ ਆਇਆ ਹੈ।