ਫ਼ਰੀਦਕੋਟ: ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਅਤੇ ਕੋਟਕਪੂਰਾ ਦੇ ਤੱਤਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਕੋਲੋਂ ਪੁੱਛਗਿੱਛ ਕੀਤੀ। ਇਹ ਪੁੱਛਗਿੱਛ ਫ਼ਰੀਦਕੋਟ ਦੇ ਕੈਂਪ ਦਫ਼ਤਰ 'ਚ ਹੋਈ ਜੋ ਕਿ ਲਗਭਗ 7 ਘੰਟੇ ਤੱਕ ਚੱਲੀ।
ਐੱਸਆਈਟੀ ਵਲੋਂ ਪੁੱਛਗਿੱਛ ਲਈ ਬੁਲਾਏ ਜਾਣ 'ਤੇ ਮਨਤਾਰ ਸਿੰਘ ਬਰਾੜ ਲਗਭਗ ਦੁਪਹਿਰੇ 2:30 ਵਜੇ ਐੱਸਆਈਟੀ ਦੇ ਦਫ਼ਤਰ ਪੁੱਜੇ। ਪੁੱਛਗਿੱਛ ਤੋਂ ਬਾਅਦ ਮਨਤਾਰ ਸਿੰਘ ਬਰਾੜ ਆਪਣੇ ਸਾਥੀਆਂ ਸਮੇਤ ਚਲੇ ਗਏ।
ਜ਼ਿਕਰਯੋਗ ਹੈ ਕਿ ਨਵੰਬਰ 2018 'ਚ ਵੀ ਐੱਸਆਈਟੀ ਨੇ ਮਨਤਾਰ ਸਿੰਘ ਬਰਾੜ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਸੀ। ਸੂਤਰਾਂ ਮੁਤਾਬਕ ਮਨਤਾਰ ਸਿੰਘ ਬਰਾੜ ਨੂੰ ਕਿਸੇ ਸਮੇਂ ਵੀ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਬੁੱਧਵਾਰ ਨੂੰ ਐੱਸਆਈਟੀ ਨੇ ਕੋਟਕਪੂਰਾ ਦੇ ਤੱਤਕਾਲੀ ਐੱਸਡੀਐੱਮ ਹਰਜੀਤ ਸਿੰਘ ਨੂੰ ਵੀ ਫ਼ਰੀਦਕੋਟ ਕੈਂਪ ਆਫ਼ਿਸ ਬੁਲਾ ਕੇ ਲਗਭਗ ਡੇਢ ਘੰਟੇ ਤੱਕ ਪੁੱਛਗਿੱਛ ਕੀਤੀ।