ਫ਼ਰੀਦਕੋਟ: ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਨੂੰ 5 ਸਾਲ ਹੋ ਗਏ ਪਰ ਹਾਲੇ ਵੀ ਸਿੱਖ ਸੰਗਤ ਇਨਸਾਫ਼ ਲਈ ਲੜਾਈ ਲੜਦੀ ਆ ਰਹੀ ਹੈ। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨਾਲ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਗੱਲਬਾਤ ਕੀਤੀ। ਇਸ ਮੌਕੇ ਸੁਖਰਾਜ ਸਿੰਘ ਨੇ ਕਿਹਾ ਕਿ 5 ਸਾਲ ਬੀਤ ਜਾਣ ਮਗਰੋਂ ਵੀ ਸਿੱਖ ਸੰਗਤ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਸੁਖਰਾਜ ਨੇ ਕਿਹਾ ਕਿ ਸਮੇਂ ਦੀ ਹਕੂਮਤ ਨੇ ਇਸ ਮਾਮਲੇ ਨੂੰ ਸੁਲਝਾਉਣ ਸਬੰਧੀ ਕੋਈ ਬਹੁਤੀ ਤਵੱਜੋਂ ਨਹੀਂ ਦਿੱਤੀ, ਸਗੋਂ ਇਸ ਨੂੰ ਦਬਾਉਣ ਵਾਲੇ ਪਾਸੇ ਕੰਮ ਕੀਤਾ।
ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਕਿਤੇ ਨਾ ਕਿਤੇ ਉਨ੍ਹਾਂ ਨਾਲ ਖੜ੍ਹੀ ਹੋਈ ਨਜ਼ਰ ਆ ਰਹੀ ਹੈ, ਜਿਨ੍ਹਾਂ ਦਾ ਨਾਂਅ ਹੁਣ ਬੇਅਦਬੀ ਕਾਂਡ ਵਿੱਚ ਨਸ਼ਰ ਹੋਇਆ। ਉੱਥੇ ਹੀ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀਕਾਂਡ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਹੁਣ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ। ਜਦੋਂ ਤੋਂ ਵਿਸ਼ੇਸ਼ ਜਾਂਚ ਟੀਮ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਕੰਮ ਕਰ ਰਹੀ ਹੈ, ਉਦੋਂ ਤੋਂ ਲੱਗਦਾ ਹੈ ਕਿ ਇਨਸਾਫ਼ ਮਿਲੇਗਾ।
ਕੀ ਹੈ ਪੂਰਾ ਮਾਮਲਾ
12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰਿਆ ਗਿਆ। ਇਸ ਤੋਂ ਬਾਅਦ ਪਿੰਡ ਵਿੱਚ ਧਮਕੀ ਪੱਤਰ ਲਾਏ ਗਏ। ਧਮਕੀ ਪੱਤਰ ਲਾਉਣ ਕਰਕੇ ਸਿੱਖ ਸੰਗਤ ਵਿੱਚ ਇੰਨਾ ਗੁੱਸਾ ਵੱਧ ਗਿਆ ਕਿ ਕੋਟਕਪੂਰਾ ਦੇ ਮੇਨ ਚੌਕ ਵਿੱਚ ਸਿੱਖ ਸੰਗਤ ਨੇ ਧਰਨਾ ਸ਼ੁਰੂ ਕਰ ਦਿੱਤਾ।
ਇਸ ਧਰਨੇ ਵਿੱਚ ਲਗਾਤਾਰ ਸੰਗਤ ਆਉਣ ਲੱਗ ਗਈ ਪਰ ਸਰਕਾਰ ਇਸ ਧਰਨੇ ਨੂੰ ਉਥੋਂ ਹਟਾਉਣਾ ਚਾਹੁੰਦੀ ਸੀ। ਇਸ ਦੇ ਚੱਲਦਿਆਂ 14 ਅਕਤੂਬਰ ਨੂੰ ਪੁਲਿਸ ਕਰਮਚਾਰੀਆਂ ਤੇ ਧਰਨਾਕਾਰੀਆਂ ਵਿਚਕਾਰ ਝੜਪ ਹੋਈ ਜਿਸ ਦੌਰਾਨ ਪੁਲਿਸ ਵੱਲੋਂ ਲਾਠੀਚਾਰਜ ਅਤੇ ਫਾਇਰਿੰਗ ਕੀਤੀ ਗਈ।
ਇਸ ਦੇ ਰੋਸ ਵਜੋਂ ਕੋਟਕਪੂਰਾ ਚੌਕ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਬਹਿਬਲ ਕਲਾਂ ਵਿੱਚ ਇੱਕ ਧਰਨਾ ਲਗਾਇਆ ਗਿਆ ਜਿੱਥੇ ਪੁਲਿਸ ਅਤੇ ਸਿੱਖ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਈ ਅਤੇ 2 ਸਿੱਖ ਨੌਜਵਾਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਨੌਜਵਾਨਾਂ ਦੀ ਮੌਤ ਹੋਣ ਕਰਕੇ ਮਾਮਲਾ ਹੋਰ ਭੱਖ ਗਿਆ ਤੇ ਪੂਰਾ ਪੰਜਾਬ ਬੰਦ ਹੋ ਗਿਆ, ਸਮੇਂ ਦੀਆਂ ਸਰਕਾਰਾਂ ਤੇ ਮੌਜੂਦਾ ਸਰਕਾਰਾਂ ਵੱਲੋਂ ਜਾਂਚ ਕਮੇਟੀਆਂ ਬਣਾਈਆਂ ਗਈਆਂ ਤੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਵੀ ਸੌਂਪੀ ਗਈ। ਪਰ ਹੁਣ ਕਰੀਬ 5 ਸਾਲ ਪੂਰੇ ਹੋ ਜਾਣ ਤੋਂ ਬਾਅਦ ਵੀ ਸਿੱਖ ਸੰਗਤ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਇਸ ਮਾਮਲੇ ਨੂੰ ਲੈ ਕੇ ਸਿੱਖਾਂ ਵਿਚ ਕਾਫ਼ੀ ਰੋਸ ਹੈ। ਕਮੇਟੀਆਂ ਬਣ ਗਈਆਂ ਪਰ ਇਨਸਾਫ਼ ਲਈ ਹਾਲੇ ਵੀ ਲੜਾਈ ਜਾਰੀ ਹੈ। ਕੀ ਇਨ੍ਹਾਂ ਨੂੰ ਮਿਲੇਗਾ ਜਾਂ ਕਮੇਟੀਆਂ ਬਣੀਆਂ ਹੀ ਰਹਿ ਜਾਣਗੀਆਂ।