ਫਰੀਦਕੋਟ: ਘਟਨਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਦੀ ਹੈ, ਜਿਥੇ ਫਰੀਦ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ 'ਤੇ ਪੈਟਰੋਲ ਪਵਾਉਣ ਆਏ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਪੈਟਰੋਲ ਪੰਪ ਦੇ ਮਾਲਕ ਨਾਲ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪੈਟਰੋਲ ਪੰਪ ਮਾਲਕ ਨੇ ਆਪਣੇ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਫਾਇਰ ਕਰ ਦਿੱਤਾ। ਜਿਸ ਨਾਲ ਅਮਰਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਲੱਤ 'ਤੇ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਤੇਲ ਦੇ ਰੇਟ ਨੂੰ ਲੈਕੇ ਚੱਲੀ ਗੋਲੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹਨਾਂ ਨੇ ਕੱਲ੍ਹ ਕਣਕ 'ਤੇ ਸਪਰੇਅ ਕਰਨੀ ਸੀ ਅਤੇ ਸਪਰੇਅ ਕਰਨ ਵਾਲੇ ਪੰਪਾਂ ਲਈ ਉਹਨਾਂ ਦੇ ਲੜਕੇ ਪਿੰਡ ਔਲਖ ਦੇ ਪੈਟਰੋਲ ਪੰਪ ਤੋਂ ਪੈਟਰੋਲ ਲੈਣ ਆਏ ਸਨ। ਜਿਥੇ ਪੈਟਰੋਲ ਦੇ ਰੇਟ ਨੂੰ ਲੈ ਕੇ ਪੰਪ ਦੇ ਕਰਿੰਦਿਆਂ ਨਾਲ ਉਹਨਾਂ ਦੀ ਬਹਿਸਬਾਜ਼ੀ ਹੋ ਗਈ ਸੀ, ਜਿਸ ਦੌਰਾਨ ਪੰਪ ਮਾਲਕ ਨੇ ਉਹਨਾਂ ਦੇ ਲੜਕਿਆਂ 'ਤੇ ਫਾਇਰਿੰਗ ਕਰ ਦਿਤੀ।
ਪੀੜਤ ਪਰਿਵਾਰ ਨੇ ਇਨਸਾਫ਼ ਦੀ ਲਾਈ ਗੁਹਾਰ: ਉਹਨਾਂ ਦੱਸਿਆ ਕਿ ਪੰਪ ਮਾਲਕ ਵਲੋਂ ਕਰੀਬ 5 ਫਾਇਰ ਕੀਤੇ ਗਏ, ਜਿਸ ਨਾਲ ਉਹਨਾਂ ਦੇ ਲੜਕੇ ਅਮਰਿੰਦਰ ਸਿੰਘ ਦੀ ਲੱਤ 'ਤੇ ਗੋਲੀ ਲੱਗ ਗਈ। ਉਹਨਾਂ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਡਿੱਗੇ ਪਏ ਨੌਜਵਾਨ ਦੇ ਸਿਰ ਵਿਚ ਪਾਈਪਾਂ ਅਤੇ ਪਿਸਟਲ ਦੇ ਬੱਟ ਤੱਕ ਮਾਰੇ ਗਏ। ਉਹਨਾਂ ਕਿਹਾ ਕਿ ਪੰਪ ਮਾਲਕ ਨੇ ਉਹਨਾਂ ਦੇ ਲੜਕਿਆਂ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਬਿਆਨ ਅਨੁਸਾਰ ਹੋਵੇਗੀ ਕਾਰਵਾਈ: ਇਸ ਮੌਕੇ ਗੱਲਬਾਤ ਕਰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਔਲਖ ਦੇ ਪੈਟਰੋਲ ਪੰਪ 'ਤੇ ਗੋਲੀ ਚੱਲੀ ਹੈ। ਉਹਨਾਂ ਦੱਸਿਆ ਕਿ ਅਸੀਂ ਮੌਕੇ 'ਤੇ ਪਹੁੰਚੇ ਅਤੇ ਪਤਾ ਚੱਲਿਆ ਕਿ ਨੇੜਲੇ ਪਿੰਡ ਘਣੀਏ ਵਾਲਾ ਦੇ ਨੌਜਵਾਨ ਅਮਰਿੰਦਰ ਸਿੰਘ ਦੇ ਲੱਤ ਵਿੱਚ ਗੋਲੀ ਵੱਜੀ ਹੈ। ਜਿਸ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਜਖ਼ਮੀ ਨੌਜਵਾਨ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।