ਫਰੀਦਕੋਟ:ਜ਼ਿਲ੍ਹੇ ਦੇ ਕੁਝ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਮਲੇਰਕੋਟਲਾ ਦੇ ਇੱਕ ਮਹੰਤ ਤੇ ਗੰਭੀਰ ਇਲਜ਼ਾਮ ਲਗਾਏ ਹਨ।ਦਲਿਤ ਭਾਈਚਾਰੇ ਦੇ ਲੋਕਾਂ ਦਾ ਕਹਿਣੈ ਕਿ ਡੇਰੇ ਦੇ ਮਹੰਤ ਵਲੋਂ ਉਨ੍ਹਾਂ ਨੂੰ ਇਹ ਕਹਿ ਕੇ ਡੇਰੇ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਕਿਉਂਕਿ ਉਹ ਨੀਵੀਂ ਜਾਤ ਤੋਂ ਹਨ।
ਇਸ ਮਾਮਲੇ ਨੂੰ ਲੈਕੇ ਦਲਿਤ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਦੀ ਭਖਦੀ ਜਾ ਰਹੀ ਹੈ ।ਉਨ੍ਹਾਂ ਵਲੋਂ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਇਸਦੇ ਚੱਲਦੇ ਹੀ ਉਨ੍ਹਾਂ ਦੇ ਵੱਲੋਂ ਪੁਲਿਸ ਕੋਲ ਡੇਰੇ ਦੇ ਮਹੰਤ ਦੀ ਸ਼ਿਕਾਇਤ ਕੀਤੀ ਗਈ ਹੈ ਤੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਨਿੰਦਰਪਾਲ ਸਿੰਘ ਮਚਾਕੀ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਚੱਲ ਰਹੀ ਹੈ ਜਿਸ ਵਿਚ ਪੰਜਾਬ ਦੇ ਨਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਕੋਠਾਲਾ ਦੇ ਇਕ ਡੇਰੇ ਦੇ ਮੁਖੀ ਮਹੰਤ ਆਤਮਾਂ ਰਾਮ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐਸਸੀ ਭਾਈਚਾਰੇ ਦੇ ਲੋਕਾਂ ਪ੍ਰਤੀ ਜਿੱਥੇ ਜਾਤੀ ਸੂਚਕ ਸ਼ਬਦ ਵਰਤੇ ਗਏ ਉਥੇ ਹੀ ਡੇਰੇ ਦੇ ਮਹੰਤ ਨੇ ਕਿਹਾ ਕਿ ਉਨ੍ਹਾਂ ਦੇ ਡੇਰੇ ਵਿਚ ਐਸਸੀ ਸਮਾਜ ਦੇ ਲੋਕਾਂ ਦੇ ਦਾਖਲੇ ‘ਤੇ ਰੋਕ ਹੈ ਕਿਉਂਕਿ ਉਹ ਗੰਦ ਚੁੱਕਦੇ ਹਨ।
ਉਹਨਾਂ ਕਿਹਾ ਕਿ ਉਕਤ ਡੇਰਾ ਮੁਖੀ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਉਹ ਆਪਣੇ ਸਮਾਜ ਦੇ ਲੋਕਾਂ ਸਮੇਤ ਐਸਐਸਪੀ ਫਰੀਦਕੋਟ ਨੂੰ ਮਿਲ ਕੇ ਮੰਗ ਪੱਤਰ ਦੇਣ ਆਏ ਹਨ ਤਾਂ ਜੋ ਉਕਤ ਮਹੰਤ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਹ ਸਿਰਫ 3 ਲੋਕ ਆਏ ਹਨ ਪਰ ਜੇਕਰ ਸਰਕਾਰ ਨੇ ਉਨ੍ਹਾਂ ਐਸਸੀ ਭਾਈਚਾਰੇ ਦਾ ਨਿਰਾਦਰ ਕਰਨ ਵਾਲੇ ਡੇਰੇ ਦੇ ਮਹੰਤ ਖਿਲਾਫ਼ ਕਾਰਵਾਈ ਨਾਂ ਕੀਤੀ ਤਾਂ ਇਹ ਤਿੰਨ ਲੋਕਾਂ ਦਾ ਇਕੱਠ 3 ਹਜ਼ਾਰ ਬਣਨ ਵਿਚ ਦੇਰ ਨਹੀਂ ਲੱਗੇਗੀ।