ਫ਼ਰੀਦਕੋਟ: ਸ਼ਹਿਰ ਦੇ ਕੋਟਕਪੂਰਾ ਹਲਕੇ ਵਿੱਚ ਕੁੱਝ ਲੁਟੇਰਿਆਂ ਵੱਲੋਂ ਇੱਕ ਕਾਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਾਮਯਾਬ ਨਾ ਹੋਣ 'ਤੇ ਲੁਟੇਰਿਆਂ ਨੇ ਸਰੇਆਮ ਗੋਲੀਆਂ ਚਲਾਈਆਂ।
ਇਸ ਮਾਮਲੇ ਦੀ ਸ਼ਿਕਾਇਤ ਦਿੰਦੇ ਹੋਏ ਕਾਰ ਦੇ ਡਰਾਈਵਰ ਰਵੀ ਨੇ ਪੁਲਿਸ ਨੂੰ ਦੱਸਿਆ ਕਿ ਉੇਸ ਦਾ ਮਾਲਿਕ ਫਲਾਵਰ ਡੈਕੋਰੇਸ਼ਨ ਦਾ ਕੰਮ ਕਰਦਾ ਹੈ ਅਤੇ ਉਹ ਵਿਆਹ ਦੇ ਪ੍ਰੋਗਰਾਮਾਂ ਵਿੱਚ ਬੁੱਕ ਕੀਤੀ ਹੋਈ ਡੋਲੀ ਵਾਲੀ ਕਾਰ ਲੈ ਕੇ ਜਾਂਦਾ ਹੈ।
ਉਹ ਇੱਕ ਵਿਆਹ ਤੋਂ ਕਾਰ ਲੈ ਕੇ ਸਾਢੇ ਚਾਰ ਵਜੇ ਮਾਲਿਕ ਦੀ ਦੁਕਾਨ 'ਤੇ ਵਾਪਸ ਪਹੁੰਚ ਗਿਆ। ਮਾਲਿਕ ਵੱਲੋਂ ਕੁੱਝ ਦੇਰ ਇੰਤਜ਼ਾਰ ਦੀ ਗੱਲ ਆਖਣ 'ਤੇ ਉਹ ਕਾਰ ਦਾ ਸ਼ੀਸਾ ਬੰਦ ਕਰਕੇ ਉਸ ਅੰਦਰ ਹੀ ਲੇਟ ਗਿਆ। ਥੋੜ੍ਹੀ ਦੇਰ ਬਾਅਦ ਚਾਰ ਵਿਅਕਤੀ ਜਿਨ੍ਹਾਂ ਦੇ ਚਿਹਰੇ ਢਕੇ ਹੋਏ ਸਨ ਉਸ ਦੀ ਗੱਡੀ ਕੋਲੋਂ ਲੰਘੇ ਅਤੇ ਕਾਰ ਦੇ ਅੰਦਰ ਵੇਖ ਕੇ ਅੱਗੇ ਨਿਕਲ ਗਏ ਪਰ ਕੁੱਝ ਸਮੇਂ ਬਾਅਦ ਉਹ ਮੁੜ ਵਾਪਸ ਆਏ ਤਾਂ ਉਸ ਨੂੰ ਸ਼ੱਕ ਹੋਇਆ। ਲੁਟੇਰਿਆਂ ਨੇ ਕਾਰ ਦਾ ਸ਼ੀਸ਼ਾ ਖੜਕਾ ਕੇ ਉਸ ਨੂੰ ਕਾਰ ਦਾ ਦਰਵਾਜ਼ਾ ਖੋਲ੍ਹਣ ਲਈ ਕਿਹਾ। ਰਵੀ ਨੇ ਦੱਸਿਆ ਕਿ ਇਸ ਦੌਰਾਨ ਉਹ ਵਾਰ-ਵਾਰ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਅੰਦਰੋਂ ਲੌਕ ਹੋਣ ਕਾਰਨ ਉਹ ਦਰਵਾਜ਼ਾ ਨਾ ਖੋਲ੍ਹ ਸਕੇ। ਰਵੀ ਨੇ ਕਾਰ ਭਜਾ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਰਵੀ ਦੀ ਜਾਨ ਤਾਂ ਬੱਚ ਗਈ ਪਰ ਲੁਟੇਰਿਆਂ ਨੇ ਕਾਰ ਉੱਤੇ ਲਗਾਤਾਰ ਗੋਲੀਆਂ ਚਲਾਈਆਂ। ਜਿਸ ਨਾਲ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ।
ਕਾਰ ਦੇ ਮਾਲਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਡਰਾਈਵਰ ਦਾ ਫੋਨ ਆਇਆ ਤੇ ਉਸ ਨੇ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਟਕਪੂਰਾ ਵਿੱਚ ਆਏ ਦਿਨ ਲਗਾਤਾਰ ਲੁੱਟ ਦੀਆਂ ਘਟਨਾਵਾਂ ਹੋ ਰਹੀਆਂ ਅਤੇ ਇਨ੍ਹਾਂ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਪੁਲਿਸ ਵੱਲੋਂ ਲੁੱਟ ਦੀਆਂ ਪਿਛਲੀਆਂ ਤਿੰਨ ਘਟਨਾਵਾਂ ਵਿੱਚ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਇਸ ਮਾਮਲੇ ਵਿੱਚ ਡੀਐੱਸਪੀ ਕੋਟਕਪੂਰਾ ਬਲਕਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਅਸੀਂ ਸੀਸੀਟੀਵੀ ਫੁੱਟੇਜ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰਾਂਗੇ।